ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਫ਼ਾਜ਼ਿਲਕਾ 24 ਜੂਨ 2021 : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਪਿੰਡਾਂ ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ।ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਮੁਕੰਮਲ ਹੋ ਚੁੱਕੇ ਵਿਕਾਸ ਪ੍ਰੋਜੈਕਟਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮ੍ਹਾਂ ਕਰਵਾਏ ਜਾਣ ।ਉਨ੍ਹਾਂ ਕਿਹਾ ਕਿ ਬਕਾਇਆ ਪਏ ਵਿਕਾਸ ਪ੍ਰੋਜੈਕਟਾਂ ਤੇ ਸਬੰਧਤ ਅਧਿਕਾਰੀ ਨਿੱਜੀ ਤੌਰ ਤੇ ਵਿਜ਼ਿਟ ਕਰਨ ਅਤੇ ਜਲਦ ਤੋਂ ਜਲਦ ਵਿਕਾਸ ਕੰਮ ਪੂਰੇ ਕਰਵਾਏ ਜਾਣ ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾਣ ।ਉਨ੍ਹਾਂ ਆਦੇਸ਼ ਦਿੰਦਿਆਂ ਕਿਹਾ ਕਿ ਹਰੇਕ ਬਲਾਕ ਵਿਖੇ ਦੋ ਲੱਖ ਬੂਟਾ ਲਗਾਇਆ ਜਾਵੇ ।ਇਸ ਤੋਂ ਇਲਾਵਾ ਹਰੀਪੁਰਾ ਅਤੇ ਕੁਹਾੜਿਆਂਵਾਲੀ ਵਿਖੇ ਮੀਆਂਵਾਕੀ ਤਕਨੀਕ ਨਾਲ ਮਿੰਨੀ ਜੰਗਲ ਤਿਆਰ ਕੀਤਾ ਜਾ ਰਿਹਾ ਹੈ ।
ਬੈਠਕ ਮੌਕੇ ਡਿਪਟੀ ਕਮਿਸ਼ਨਰ ਨੇ ਸਮਾਰਟ ਵਿਲੇਜ ਕੰਪੇਨ ਤਹਿਤ ਅਧਿਕਾਰੀਆਂ ਤੋਂ ਲੇਖਾ ਜੋਖਾ ਹਾਸਲ ਕਰਦਿਆਂ ਦੱਸਿਆ ਕੀ ਪਿੰਡਾਂ ਵਿੱਚ 1055 ਤਰ੍ਹਾਂ ਦੇ ਵੱਖ ਵੱਖ ਵਿਕਾਸ ਕੰਮ ਕੀਤੇ ਜਾਣੇ ਸਨ ਜਿਸ ਵਿੱਚ 14ਵੇਂ ਵਿੱਤ ਕਮਿਸ਼ਨ ਦੌਰਾਨ 1837.72 ਲੱਖ , ਮਗਨਰੇਗਾ ਸਕੀਮ ਅਧੀਨ 441.29 ਲੱਖ ਦੇ ਕੰਮ ਮੁਕੰਮਲ ਕੀਤੇ ਜਾਣੇ ਸਨ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕੀ 14ਵੇ ਵਿੱਤ ਕਮਿਸ਼ਨ ਦੌਰਾਨ ਕੁੱਲ 136 ਕਰੋੜ ਦੀ ਰਾਸ਼ੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਜਿਸ ਤਹਿਤ ਵੱਖ ਵੱਖ ਬਲਾਕਾਂ ਵਿਚ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਣਾ ਹੈ ਜਿਸ ਵਿੱਚ ਅਬੋਹਰ ਬਲਾਕ ਨੂੰ 39 ਕਰੋੜ ਤੋਂ ਵਧੇਰੇ, ਖੂਈਆ ਸਰਵਰ ਬਲਾਕ ਨੂੰ 32 ਕਰੋੜ, ਫ਼ਾਜ਼ਿਲਕਾ ਬਲਾਕ ਨੂੰ 18 ਕਰੋਡ਼ , ਅਰਨੀਵਾਲਾ ਬਲਾਕ ਨੂੰ 13 ਕਰੋੜ ਅਤੇ ਜਲਾਲਾਬਾਦ ਬਲਾਕ ਨੂੰ 32 ਕਰੋਡ਼ ਦੀ ਰਾਸ਼ੀ ਦਿੱਤੀ ਗਈ ਹੈ ਜਿਸ ਤਹਿਤ ਵੱਖ ਵੱਖ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਣਾ ਹੈ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ , ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਵਿਨੀਤ ਸ਼ਰਮਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।