ਡਿਪਟੀ ਕਮਿਸ਼ਨਰ ਵੱਲੋਂ ਰੈਡ ਕਰਾਸ ਸੋਸਾਇਟੀ ਰਾਹੀਂ ਦਿਵਿਆਂਗ ਵਿਅਕਤੀ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਕ ਭੇਂਟ
ਫਾਜ਼ਿਲਕਾ, 22 ਜੂਨ 2021
ਗਰੀਬ ਤੇ ਲੋੜਵੰਦ ਲੋਕਾਂ ਲਈ ਚਲਾਈ ਜਾ ਰਹੀ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਹਮੇਸ਼ਾ ਹੀ ਜ਼ਰੂਰਮੰਦਾਂ ਲਈ ਹਮੇਸ਼ਾ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ। ਲੋੜਵੰਦ ਲੋਕਾਂ ਨੂੰ ਸੋਸਾਇਟੀ ਰਾਹੀਂ ਲੋੜੀਂਦੀਆਂ ਸਹੂਲਤਾਂ ਸਮੇ-ਸਮੇਂ ਸਿਰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਅੱਜ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਦਿਵਿਆਂਗ ਵਿਅਕਤੀ ਨੂੰ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਕ ਭੇਂਟ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਿਹਾ ਕਿ ਲੋੜਵੰਦਾਂ ਦੀ ਭਲਾਈ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬਧ ਹਨ। ਉਨ੍ਹਾਂ ਕਿਹਾ ਕਿ ਪਿੰਡ ਲਾਧੂਕਾ ਦੇ ਦਿਵਿਆਂਗ ਸੰਦੀਪ ਕੁਮਾਰ ਜ਼ੋ ਕਿ ਖੁਦ ਦਿਵਿਆਂਗ ਹਨ ਉਨ੍ਹਾਂ ਦੀ ਪਤਨੀ ਵੀ ਦਿਵਿਆਂਗ ਹੈ। ਉਨ੍ਹਾਂ ਕਿਹਾ ਕਿ ਸੰਦੀਪ ਕੁਮਾਰ ਜ਼ੋ ਕਿ ਆਪਣਾ ਰੁਜ਼ਗਾਰ ਕਰਨਾ ਚਾਹੁੰਦੇ ਹਨ, ਇਸ ਤਹਿਤ ਉਨ੍ਹਾਂ ਨੂੰ ਆਪਣੀ ਸਕੂਟਰੀ ਨੂੰ ਤਿੰਨ ਪਹੀਆ ਵਾਹਨ ਬਣਾਉਣ ਲਈ ਰੈਡ ਕਰਾਸ ਸੋਸਾਇਟੀ ਰਾਹੀਂ 10 ਹਜ਼ਾਰ ਰੁਪਏ ਦੀ ਵਿਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ।ਉਨ੍ਹਾਂ ਸੰਦੀਪ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਵਿਆਂਗ ਹੋਣ ਦੇ ਬਾਵਜੂਦ ਵੀ ਹਿੰਮਤ ਨਾ ਹਾਰਦਿਆਂ ਰੋਜ਼ਗਾਰ ਕਰਨਾ ਚਾਹੁੰਦੇ ਹਨ ਤੇ ਆਪਦੇ ਪਰਿਵਾਰ ਦਾ ਸਹਾਰਾ ਬਣਨਾ ਚਾਹੁੰਦੇ ਹਨ।