ਡਿਪਟੀ ਕਮਿਸ਼ਨਰ ਵੱਲੋਂ ਭੱਜ-ਦੌੜ ਭਰੀ ਜ਼ਿੰਦਗੀ ’ਚ ਪੈਦਾ ਹੋਣ ਵਾਲੇ ਤਣਾਅ ਤੋਂ ਮੁਕਤੀ ਲਈ ਯੋਗ ਅਪਣਾਉਣ ਦਾ ਸੱਦਾ
ਸੰਗਰੂਰ, 21 ਜੂਨ:
‘ਮਿਸ਼ਨ ਫ਼ਤਿਹ’ ਤਹਿਤ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਅੱਜ ਆਪਣੀ ਰਿਹਾਇਸ਼ ਵਿਖੇ ਖੁਦ ਯੋਗ ਕਰਕੇ ਜ਼ਿਲ੍ਹਾ ਵਾਸੀਆਂ ਨੂੰ ਜਿੱਥੇ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਯੋਗ ਨੂੰ ਅਪਣਾਉਣ ਦਾ ਸੱਦਾ ਦਿੱਤਾ, ਉਥੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗਾ ਅਜੋਕੀ ਰੁਝੇਵਿਆਂ ਅਤੇ ਭੱਜ ਦੌੜ ਭਰੀ ਜ਼ਿੰਦਗੀ ਕਾਰਨ ਪੈਦਾ ਹੋਣ ਵਾਲੇ ਤਣਾਅ ਤੋਂ ਮੁਕਤੀ ਦਾ ਵਧੀਆ ਸਾਧਨ ਹੈ ਅਤੇ ਯੋਗ ਆਸਨਾਂ ਦੇ ਨਿਯਮਤ ਅਭਿਆਸ ਨਾਲ ਹਰੇਕ ਉਮਰ ਵਰਗ ਦੇ ਵਿਅਕਤੀ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤੀ ਹਾਸਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅੱਜਕਲ੍ਹ ਦੇ ਸਮੇਂ ਦੌਰਾਨ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਜਦੋਂ ਪੂਰੀ ਦੁਨੀਆ ਕੋਵਿਡ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਹਰ ਵਿਅਕਤੀ ਲਈ ਲਾਭਕਾਰੀ ਹੈ ਇਸ ਲਈ ਨਿਯਮਿਤ ਰੂਪ ਵਿੱਚ ਯੋਗ ਕਰਨਾ ਚਾਹੀਂਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਪੁਰਾਤਨ ਅਤੇ ਪ੍ਰਮਾਣਿਤ ਕਿਰਿਆ ਹੈ ਜੋ ਕਿ ਸਦੀਆਂ ਤੋਂ ਚੱਲਦੀ ਆ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਸਬ-ਡਵੀਜ਼ਨਾਂ ਤੋਂ ਇਲਾਵਾ ਹੋਰਨਾਂ ਵਿਭਾਗਾਂ ਵਿੱਚ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾ ਕੇ ਲੋਕਾਂ ਨੂੰ ਯੋਗਾ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ ਗਿਆ ਹੈ, ਤਾਂ ਜੋ ਹਰੇਕ ਵਿਕਅਤੀ ਨਿਰੋਗ ਜਿੰਦਗੀ ਜਿਊਣ ਲਈ ਯੋਗ ਦੇ ਮਹੱਤਵ ਨੰੂ ਚੰਗੀ ਤਰ੍ਹਾਂ ਸਮਝ ਸਕੇ।