ਡਿਪਟੀ ਕਮਿਸ਼ਨਰ ਵੱਲੋਂ ਆਰ.ਸੇਟੀ ਦੀ ਸਾਲਾਨਾ ਰਿਪੋਰਟ ਰਿਲੀਜ਼
ਸੰਗਰੂਰ, 15 ਜੁਲਾਈ 2021 : ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਆਰ. ਸੇਟੀ ਦੀ ਸਾਲ 2020-2021 ਦੀ ਸਾਲਾਨਾ ਰਿਪੋਰਟ ਰਿਲੀਜ਼ ਕੀਤੀ ਗਈ। ਸ਼੍ਰੀ ਰਾਮਵੀਰ ਨੇ ਦੱਸਿਆ ਕਿ ਪੇਂਡੂ ਖੇਤਰ ਦੇ ਨੌਜਵਾਨ ਲੜਕੇ-ਲੜਕੀਆਂ ਲਈ ਆਰ-ਸੇਟੀ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਦਾ ਮੌਕਾ ਦੇਣ ਲਈ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਸਫ਼ਲ ਕੋਸ਼ਿਸ਼ਾਂ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਰ.ਸੇਟੀ. ਵੱਲੋਂ ਸਾਲ 2020-21 ਦੌਰਾਨ ਹਣ ਤੱਕ 14 ਬੈਚ ਲਗਾ ਕੇ 397 ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਆਰ.ਸੇਟੀ ਵੱਲੋਂ 2009 ਤੋਂ ਹਣ ਤੱਕ 226 ਬੈਚ ਲਗਾ ਕੇ 5602 ਸਿੱਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਇਸ ਵਿੱਚ 3480 ਸਿੱਖਿਆਰਥੀ ਟਰੇਨਿੰਗ ਤੋਂ ਬਾਅਦ ਆਪਣੇ ਪੈਰਾਂ ’ਤੇ ਖੜ੍ਹੇ ਹੋ ਚੁੱਕੇ ਹਨ।
ਇਸ ਮੌਕੇ ਡਾਇਰੈਕਟਰ ਸਰਵਨ ਕੁਮਾਰ ਨੇ ਜੂਨ ਮਹੀਨੇ ਤੱਕ ਦੀ ਪ੍ਰਗਤੀ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਿੰਡ ਬੱਡਰੁਖਾਂ ਵਿਖੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਰ.ਸੇਟੀ ਸਕੀਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਸਿਖਿਆਰਥੀਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੋਰਸਾਂ ਜਿਵੇਂ ਡੇਅਰੀ ਫਾਰਮਿੰਗ, ਸਿਲਾਈ ਕਢਾਈ, ਬਿਊਟੀ ਪਾਰਲਰ, ਪੰਲਬਰ, ਬਿਜਲੀ ਸਿਖਲਾਈ, ਖਿਡੌਣੇ ਬਣਾਉਣਾ, ਕੰਪਿਊਟਰ ਕੋਰਸਾਂ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਸਾਰੇ ਕੋਰਸਾਂ ਦੀ ਸਿਖਲਾਈ, ਖਾਣਾ-ਚਾਹ, ਸਿਖਲਾਈ ਦਾ ਸਮਾਨ ਅਤੇ ਰਿਹਾਇਸ਼ੀ ਸਹਲੂਤਾਂ ਮੁਫ਼ਤ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਸਾਰੇ ਕੋਰਸਾਂ ਦੀ ਮਿਆਦ 10 ਦਿਨਾਂ ਤੋਂ 45 ਦਿਨਾਂ ਦੀ ਹੁੰਦੀ ਹੈ।