ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ
ਹੁਸ਼ਿਆਰਪੁਰ, 6 ਜੁਲਾਈ 2021 : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਰਣਜੀਤ ਸਿੰਘ ਨੂੰ ਬੇਹਤਰ ਨਾਗਰਿਕ ਸੇਵਾਵਾਂ ਦੇਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਪਿਛਲੇ ਇਕ ਸਾਲ ਵਿੱਚ ਸਖਤ ਮਿਹਨਤ, ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਕੀਤੀ ਗਈ ਡਿਊਟੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸੇਵਾ ਕੇਂਦਰਾਂ ਰਾਹੀਂ ਲੋਕਾਂ ਨੂੰ ਬੇਹਤਰ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਉਨ੍ਹਾਂ ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਚਾਰੂ ਸੇਵਾਵਾਂ ਕਰਕੇ ਸੂਬੇ ਦੇ ਹੋਰ ਜ਼ਿਲਿ੍ਹਆਂ ਦੇ ਮੁਕਾਬਲੇ ਹੁਸ਼ਿਆਰਪੁਰ ਦੀ ਪੈਂਡੈਂਸੀ ਕਾਫ਼ੀ ਘੱਟ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਸੇਵਾ ਕੇਂਦਰਾਂ ਵਿਚ ਰਣਜੀਤ ਸਿੰਘ ਵਲੋਂ ਅਪਨਾਏ ਗਏ ਪ੍ਰਭਾਵਸ਼ਾਲੀ ਤਾਲਮੇਲ ਕਾਰਨ ਲੋਕਾਂ ਵਲੋਂ ਦਿੱਤੀਆਂ ਗਈਆਂ ਅਰਜੀਆਂ ਨੂੰ ਸਮੇਂ ਸਿਰ ਨਿਪਟਾਉਣਾ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਚੁਨੌਤੀਪੂਰਨ ਸਮੇਂ ਦੌਰਾਨ ਵੀ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਨੇ ਪੂਰੀ ਮਿਹਨਤ ਅਤੇ ਜ਼ੋਸ਼ ਨਾਲ ਆਪਣਾ ਕੰਮ ਲਗਾਤਾਰ ਜਾਰੀ ਰੱਖਿਆ।
ਅਪਨੀਤ ਰਿਆਤ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਭਵਿੱਖ ਵਿਚ ਵੀ ਉਹ ਇਸ ਜ਼ਿੰਮੇਵਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ। ਜਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਨੇ ਡਿਪਟੀ ਕਮਿਸ਼ਨਰ ਵਲੋਂ ਕੀਤੀ ਗਈ ਹੌਂਸਲਾ ਅਫਜਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਸੇਵਾ ਕੇਂਦਰਾਂ ਰਾਹੀਂ ਬੇਹਤਰ ਨਾਗਰਿਕ ਸੇਵਾਵਾਂ ਦੇਣ ਅਤੇ ਪ੍ਰਸ਼ਾਸਨ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣਗੇ।