ਡਰੱਗ ਇੰਸਪੈਕਟਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਕਸੀਜਨ ਸਪਲਾਈ ਤੇ ਵੰਡ ਦਾ ਜ਼ਿਲ੍ਹਾ ਨੋਡਲ ਅਫ਼ਸਰ ਕੀਤਾ ਗਿਆ ਨਿਯੁਕਤ
ਹੁਸ਼ਿਆਰਪੁਰ, 7 ਜੂਨ: ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਕੋਵਿਡ ਮਹਾਂਮਾਰੀ ਦੇ ਮੁਸ਼ਕਲ ਦੌਰ ਵਿੱਚ ਜ਼ਿਲ੍ਹੇ ਵਿੱਚ ਆਕਸੀਜਨ ਦੀ ਨਿਰਵਿਘਨ ਅਤੇ ਸੁਚਾਰੂ ਸਪਲਾਈ ਨੂੰ ਯਕੀਨੀ ਬਨਾਉਣ ਲਈ ਨਿਯੁਕਤ ਕੀਤੇ ਗਏ ਜ਼ਿਲ੍ਹਾ ਨੋਡਲ ਅਫ਼ਸਰ ਮਨਪ੍ਰੀਤ ਸਿੰਘ ਨੂੰ ਉਸ ਦੀਆਂ ਬੇਹਤਰੀਨ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਰੱਗ ਇੰਸਪੈਕਟਰ ਦੀ ਪੋਸਟ ’ਤੇ ਤਾਇਨਾਤ ਮਨਪ੍ਰੀਤ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਦੀ ਮੁਸ਼ਕਲ ਘੜੀ ਵਿੱਚ ਮਰੀਜ਼ਾਂ ਦੇ ਇਲਾਜ ਲਈ ਪ੍ਰਯੋਗ ਹੋਣ ਵਾਲੀ ਮੈਡੀਕਲ ਆਕਸੀਜਨ ਨਾ ਕਿ ਸਪਲਾਈ ਅਤੇ ਵੰਡ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਿਸ ਨੂੰ ਉਨ੍ਹਾਂ ਨੇ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਇਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦਾ ਸਮੇਂ ਵਿੱਚ ਕਾਫੀ ਮਾਤਰਾ ਵਿੱਚ ਆਕਸੀਜਨ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਜਦੋਂ ਪੂਰਾ ਸੂਬਾ ਆਕਸੀਜਨ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਿਹਾ ਹੈ, ਉਦੋਂ ਆਕਸੀਜਨ ਦੀ ਸਪਲਾਈ ਦਾ ਪ੍ਰਬੰਧ, ਟਰਾਂਸਪੋਰਟੇਸ਼ਨ ਕਰਨ ਲਈ ਜ਼ਿਲ੍ਹਾ ਨੋਡਲ ਅਫ਼ਸਰ ਮਨਪ੍ਰੀਤ ਸਿੰਘ ਨੇ ਦਿਨ ਰਾਤ ਸਖਤ ਮਿਹਨਤ ਕੀਤੀ ਤਾਂ ਜੋ ਕਿਸੇ ਵੀ ਹਸਪਤਾਲ ਨੂੰ ਕਿਸੇ ਵੀ ਸਮੇਂ ਆਕਸੀਜਨ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਜਿਲ੍ਹੇ ਦੇ 10 ਤੋਂ ਵੱਧ ਹਸਪਤਾਲਾਂ ਦੀ ਆਕਸੀਜਨ ਸਪਲਾਈ ਦੀ ਮੰਗ ਨੂੰ ਸਮੇਂ ਸਿਰ ਪੂਰਾ ਕਰਨਾ ਅਤੇ ਵੱਖ-ਵੱਖ ਸਰੋਤਾਂ ਨਾਲ ਸਪਲਾਈ ਪ੍ਰਬੰਧ ਕਰਕੇ ਉਸ ਨੂੰ ਯਕੀਨੀ ਬਨਾਉਣ ਵਿੱਚ ਮਨਪ੍ਰੀਤ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਭਵਿੱਖ ਵਿੱਚ ਵੀ ਇਸ ਜ਼ਿੰਮੇਵਾਰੀ ਅਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣਗੇ।
ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਦਿੱਤੇ ਗਏ ਸਨਮਾਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕੁਸ਼ਲ ਅਗਵਾਈ ਅਤੇ ਉਤਸ਼ਾਹਿਤ ਕਾਰਨ ਉਹ ਸੁਚਾਰੂ ਢੰਗ ਨਾਲ ਆਪਣੀਆਂ ਸੇਵਾਵਾਂ ਨਿਭਾਅ ਸਕੇ ਹਨ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਪ੍ਰਗਟ ਕਰਦੇ ਹਨ, ਜਿਨ੍ਹਾਂ ਨੇ ਕੋਵਿਡ-19 ਦੇ ਮੁਸ਼ਕਲ ਦੌਰ ਵਿੱਚ ਉਸ ’ਤੇ ਵਿਸ਼ਵਾਸ਼ ਕਰਦੇ ਹੋਏ ਉਸ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ।