ਟੀਕਾਕਰਨ ਕੇਂਦਰਾਂ ’ਤੇ ਨਾ ਜਾ ਸਕਣ ਵਾਲੇ ਲੋਕਾਂ ਨੂੰ ਵੈਕਸੀਨ ਦੀ ਸਹੂਲਤ ਲਈ ਚਲਾਈਆਂ ਮੋਬਾਇਲ ਵੈਨਾਂ : ਕੈਬਨਿਟ ਮੰਤਰੀ ਸਿੰਗਲਾ
ਸੰਗਰੂਰ, 9 ਜੁਲਾਈ 2021 : ਪੰਜਾਬ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਵੀ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੰਗਰੂਰ ਵਿਚ ਮੋਬਾਈਲ ਟੀਕਾਕਰਨ ਵੈਨਾਂ ਚਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੋਬਾਈਲ ਟੀਕਾਕਰਣ ਵੈਨਾਂ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਸ ਨਾਲ ਪਿੰਡਾਂ ਅਤੇ ਖ਼ਾਸਕਰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਟੀਕਾਕਰਣ ਦੀ ਸਹੂਲਤ ਮਿਲੇਗੀ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, “ਟੀਕਾਕਰਨ ਵੈਨਾਂ ਹਰ ਪਰਿਵਾਰ ਅਤੇ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਹਸਪਤਾਲ ਜਾਂ ਟੀਕਾਕਰਣ ਕੇਂਦਰਾਂ ਵਿੱਚ ਨਹੀਂ ਜਾ ਸਕਦੇ ਲਈ ਵੈਕਸੀਨ ਦੀ ਸੁਖਾਲੀ ਪਹੁੰਚ ਦੀ ਸਹੂਲਤ ਲਈ ਸ਼ੁਰੂ ਕੀਤੀਆਂ ਗਈਆਂ ਹਨ।”
ਸ਼੍ਰੀ ਸਿੰਗਲਾ ਨੇ ਕਿਹਾ ਕਿ ਮੋਬਾਈਲ ਵੈਕਸੀਨੇਸ਼ਨ ਵੈਨਾਂ ਰਾਹੀਂ ਘਰ-ਘਰ ਜਾ ਕੇ ਟੀਕਾਕਰਣ ਕੀਤਾ ਜਾਵੇਗਾ, ਖ਼ਾਸਕਰ ਉਨ੍ਹਾਂ ਲੋਕਾਂ ਨੂੰ ਜਿਹੜੇ ਸਿਹਤ ਕੇਂਦਰਾਂ ‘ਤੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਇਸ ਦੌਰਾਨ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਨੂੰ ਕਵਰ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਵੈਨਾਂ ਸੰਗਰੂਰ ਸਬ-ਡਵੀਜ਼ਨ ਦੇ 22 ਪਿੰਡਾਂ ਦੇ ਨਾਲ-ਨਾਲ ਭਵਾਨੀਗੜ ਬਲਾਕ ਦੇ 24 ਪਿੰਡਾਂ ਵਿੱਚ ਵੀ ਜਾਣਗੀਆਂ । ਉਨ੍ਹਾਂ ਅੱਗੇ ਕਿਹਾ ਕਿ ਮੈਡੀਕਲ ਅਮਲਾ ਟੀਕਾਕਰਨ ਵੈਨਾਂ ਦੇ ਅੰਦਰ ਮੌਜੂਦ ਰਹੇਗਾ ਅਤੇ ਟੀਕਾਕਰਨ ਕੈਂਪਾਂ ਵਿੱਚ ਰਜਿਸਟ੍ਰੇਸ਼ਨ ਅਤੇ ਵੈਕਸੀਨ ਲਗਾਈ ਜਾਵੇਗੀ।
ਮੰਤਰੀ ਨੇ ਹਰ ਯੋਗ ਵਿਅਕਤੀ ਨੂੰ ਟੀਕਾ ਲਗਵਾਉਣ ਅਤੇ ਟੀਕਾਕਰਨ ਸੰਬੰਧੀ ਗਲਤ ਜਾਣਕਾਰੀ ਤੋਂ ਬਚਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਵਿਜੈ ਇੰਦਰ ਸਿੰਗਲਾ ਦੁਆਰਾ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਸੰਪੂਰਨ ਸਹਾਇਤਾ ਦੇਣ ਲਈ ਜ਼ਿੰਮੇਵਾਰ ਸੰਗਰੂਰ ਮੁਹਿੰਮ ਚਲਾਈ ਗਈ ਹੈ। ਟੀਕਾਕਰਣ ਵੈਨਾਂ ਤੋਂ ਪਹਿਲਾਂ ਕੋਵਿਡ -19 ਦੌਰਾਨ ਹੈਲਪਲਾਈਨ ਨੰਬਰ, ਆਕਸੀਜਨ ਕੰਸਟ੍ਰੇਟਰਜ਼ ਦੀ ਸਪਲਾਈ, ਆਕਸੀਜਨ ਬੈਡ ਅਤੇ ਦਵਾਈਆਂ ਦੀ ਉਪਲਬਧਤਾ ਜ਼ੁੰਮੇਵਾਰ ਸੰਗਰੂਰ ਮੁਹਿੰਮ ਤਹਿਤ ਯਕੀਨੀ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿਜੈ ਇੰਦਰ ਸਿੰਗਲਾ ਹੈਲਪਲਾਈਨ, 88981-00004, ਕੋਵਿਡ ਸਬੰਧੀ ਜ਼ਰੂਰਤਾਂ ਨਾਲ ਨਜਿੱਠਣ ਅਤੇ ਲੋਕਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨ ਲਈ ਮਹੱਤਵਪੂਰਣ ਰਹੀ ਹੈ।