ਝੋਨੇ ਦੀ ਸਿੱਧੀ ਬਿਜਾਈ ਨਾਲ ਕੀਤੀ ਜਾ ਸਕਦੀ ਹੈ ਪਾਣੀ ਦੀ ਬੱਚਤ : ਐਸ. ਡੀ. ਐਮ.
ਜਲੰਧਰ, 7 ਜੂਨ
ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਵਾਸਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਸ਼੍ਰੀ ਮਨਜਿੰਦਰ ਸਿੰਘ ਪਿੰਡ ਕੰਗਣੀਵਾਲ ਬਲਾਕ ਜਲੰਧਰ ਪੂਰਬੀ ਦੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪ੍ਰਦਰਸ਼ਨੀ ਪਲਾਟ ਬਿਜਵਾਇਆ ਗਿਆ।
ਇਸ ਮੌਕੇ ਐਸ. ਡੀ. ਐਮ. -2 ਸ਼੍ਰੀ ਹਰਪ੍ਰੀਤ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕਿਹਾ ਕਿ ਇਸ ਤਕਨੀਕ ਪ੍ਰਤੀ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ । ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਪਲਾਟ ਰਾਹੀਂ ਝੋਨੇ ਦੀ ਰਵਾਇਤੀ ਢੰਗ ਨਾਲ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਪ੍ਰੇਰਨਾ ਮਿਲੇਗੀ ਅਤੇ ਇਸ ਤਰੀਕੇ ਰਾਹੀਂ ਝੋਨੇ ਦੀ ਕਾਸ਼ਤ ਕਰਨ ਨਾਲ ਪਾਣੀ ਦੀ ਬੱਚਤ ਵੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਸਿੱਧੀ ਬੀਜਾਈ ਵਿੱਚ ਪਿਛਲੇ ਸਮੇਂ ਦੌਰਾਨ ਕਾਮਯਾਬ ਹੋਏ ਕਿਸਾਨਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਇਸ ਵਿਧੀ ਵੱਲ ਵਿਸ਼ੇਸ਼ ਧਿਆਨ ਦੇਣ।
ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਜਲੰਧਰ ਨੇ ਕਿਹਾ ਹੈ ਕਿ ਵਿਭਾਗ ਵੱਲੋਂ ਜ਼ਿਲ੍ਹਾ ਭਰ ਵਿੱਚ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਪਲਾਟ ਬਿਜਵਾਏ ਜਾ ਰਹੇ ਹਨ ਅਤੇ ਇਸ ਸਕੀਮ ਅਧੀਨ ਵਿਭਾਗ ਵੱਲੋਂ ਪ੍ਰਤੀ ਏਕੜ 4000 ਰੁਪਏ ਤੱਕ ਦਾ ਖਰਚਾ ਕਰਦੇ ਹੋਏ ਇਨ੍ਹਾਂ ਪ੍ਰਦਰਸ਼ਨੀ ਪਲਾਟਾਂ ਰਾਹੀਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦਰਮਿਆਨੀਆ ਤੋਂ ਭਾਰੀਆਂ ਜ਼ਮੀਨਾਂ ਵਿੱਚ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਲਈ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਉਪਰਾਲੇ ਕਰਦੇ ਹੋਏ ਨਦੀਨਨਾਸ਼ਕਾਂ ਦਾ ਇਸਤੇਮਾਲ ਕਰਨ ।
ਇਸ ਮੌਕੇ ਡਾ. ਮਨਿੰਦਰ ਸਿੰਘ ਜ਼ਿਲਾ ਪ੍ਰਸਾਰ ਮਾਹਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜ਼ਿਲਾ ਜਲੰਧਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ 8 ਕਿਲੋ ਬੀਜ ਨੂੰ 8-12 ਘੰਟੇ ਲਈ ਭਿਉਂਣ ਉਪਰੰਤ ਅਤੇ ਸਿਫਾਰਿਸ਼ਾਂ ਅਨੁਸਾਰ ਸੌਧਣ ਤੋਂ ਬਾਅਦ ਤਕਰੀਬਨ 3-4 ਸੈਂਟੀਮੀਟਰ ਡੂੰਘਾਈ ‘ਤੇ ਬੀਜਣ ਦੀ ਸਿਫਾਰਿਸ਼ ਕੀਤੀ ਗਈ ਹੈ।
ਸਹਾਇਕ ਖੇਤੀਬਾੜੀ ਇੰਜ. ਜਲੰਧਰ ਸ਼੍ਰੀ ਨਵਦੀਪ ਸਿੰਘ ਨੇ ਜਾਣਕਰੀ ਦਿੱਤੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਝੋਨਾ ਬੀਜਣ ਵਾਲੀ ਡੀ. ਐਸ. ਆਰ. ਮਸ਼ੀਨ ਰਾਹੀਂ ਕਰਨ ਦੀ ਸਿਫਾਰਿਸ਼ ਹੈ, ਇਸ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਲੱਕੀ ਸੀਡ ਡਰਿੱਲ ਮਸ਼ੀਨ ਰਾਹੀਂ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।ਇੰਜ. ਨਵਦੀਪ ਸਿੰਘ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਕਈਂ ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ ਅਤੇ ਕਿਸਾਨ ਉਦੱਮੀਆਂ ਨੇ ਤਕਰੀਬਨ 200 ਡੀ ਐਸ ਆਰ ਮਸ਼ੀਨਾਂ ਵਿਭਾਗ ਰਾਹੀਂ ਪ੍ਰਾਪਤ ਕੀਤੀਆਂ ਹਨ, ਕਿਸਾਨ ਅਹਿਜੇ ਕਿਸਾਨਾਂ, ਕਿਸਾਨ ਗਰੁੱਪਾਂ ਆਦਿ ਪਾਸੋਂ ਮਸ਼ੀਨਾਂ ਕਿਰਾਏ ‘ਤੇ ਪ੍ਰਾਪਤ ਕਰਕੇ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।
ਇਸ ਮੌਕੇ ਕਿਸਾਨ ਮਨਜਿੰਦਰ ਸਿੰਘ ਨੇ ਕਿਹਾ ਕਿ ਉਸ ਵੱਲੋਂ ਝੋਨੇ ਦੀ ਸਿੱਧੀ ਬਿਜਾਈ 20 ਏਕੜ ਰਕਬੇ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਕਨੀਕ ਰਾਹੀਂ ਬਿਜਾਈ ਕਰਨ ਨਾਲ ਝੋਨੇ ਦੇ ਝਾੜ ਵਿੱਚ ਵੀ ਕੋਈ ਕਮੀ ਨਹੀਂ ਦੇਖੀ ਜਾ ਰਹੀ ਹੈ। ਇਸ ਮੌਕੇ ਇਲਾਕੇ ਦੇ ਦੂਜੇ ਕਿਸਾਨ ਜਸਵਿੰਦਰ ਸਿੰਘ, ਕੁੰਦਨ ਸਿੰਘ, ਰਣਜੀਤ ਸਿੰਘ ਪਿੰਡ ਕੰਗਣੀਵਾਲ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਪਲਾਟ ਤੋਂ ਉਹ ਬੇਹੱਦ ਪ੍ਰਭਾਵਿਤ ਹੋਏ ਹਨ । ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਨਰੇਸ਼ ਕੁਮਾਰ ਗੁਲਾਟੀ, ਖੇਤੀਬਾੜੀ ਉਪਨਰੀਖਕ ਸ਼੍ਰੀ ਸੋਨੂ, ਸ਼੍ਰੀ ਮਨੀਸ਼ ਕੁਮਾਰ ਅਤੇ ਸ਼੍ਰੀ ਰਾਜੀਵ ਵਰਮਾ ਵੀ ਮੌਜੂਦ ਸਨ।