ਜੰਗਲਾਤ ਮੰਤਰੀ ਧਰਮਸੋਤ ਨੇ ਚਹਿਲ ਤੋਂ ਕਾਲਸਨਾ ਜਾਂਦੀ 10.10 ਕਿਲੋਮੀਟਰ ਸੜਕ ਨੂੰ 9 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰਨ ਤੇ ਨਵ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ
-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ 95 ਫੀਸਦੀ ਪੂਰੇ ਕੀਤੇ, ਬਾਕੀ ਵੀ ਜਲਦ ਹੋਣਗੇ ਪੂਰੇ-ਧਰਮਸੋਤ
-ਕੈਪਟਨ ਸਰਕਾਰ ਨੇ ਕੇਂਦਰੀ ਕਾਨੂੰਨਾਂ ਵਿਰੁੱਧ ਕਿਸਾਨਾਂ ਤੇ ਕਿਸਾਨਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ-ਧਰਮਸੋਤ
-ਧਰਮਸੋਤ ਵੱਲੋਂ ਲੋਕਾਂ ਨੂੰ ਕੇਜਰੀਵਾਲ ਤੇ ਬਾਦਲਾਂ ਦੇ ਸਬਜ਼ਬਾਗਾਂ ਤੋਂ ਸਾਵਧਾਨ ਰਹਿਣ ਦਾ ਸੱਦਾ
ਭਾਦਸੋਂ/ਚਹਿਲ/ਨਾਭਾ, 30 ਜੂਨ 2021: ਪੰਜਾਬ ਦੇ ਜੰਗਲਾਤ, ਸਮਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਂਗਾਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਅਮਲੋਹ-ਭਾਦਸੋਂ ਰੋਡ ‘ਤੇ ਸਥਿਤ ਪਿੰਡ ਚਹਿਲ ਤੋਂ ਕਾਲਸਨਾ ਨੂੰ ਜਾਣ ਵਾਲੀ ਕਰੀਬ 9 ਕਰੋੜ ਰੁਪਏ ਦੀ ਲਾਗਤ ਨਾਲ ਲੋਕ ਨਿਰਮਾਣ ਵਿਭਾਗ ਵੱਲੋਂ 10.10 ਕਿਲੋਮੀਟਰ ਸੜਕ ਨੂੰ 10 ਫੁੱਟ ਤੋਂ ਚੌੜਾ ਕਰਕੇ 18 ਫੁੱਟ ਕਰਕੇ ਕੀਤੇ ਜਾਣ ਵਾਲੇ ਨਵ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਸ. ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਇਸ ਤੋਂ ਬਾਅਦ ਹੀ ਉਹ ਲੋਕਾਂ ਕੋਲ ਮੁੜ ਵੋਟਾਂ ਮੰਗਣ ਜਾਣਗੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਤੱਕ 95 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਬਾਕੀ ਰਹਿੰਦੇ ਵੀ ਆਉਂਦੇ ਮਹੀਨਿਆਂ ਵਿਚ ਪੂਰੇ ਹੋਣਗੇ।
ਸ. ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਕੇਜਰੀਵਾਲ ‘ਚ ਕੋਈ ਫਰਕ ਨਹੀਂ, ਦੋਵੇਂ ਪਾਰਟੀਆਂ ਹੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਨੇੜੇ ਦੇਖ ਸਬਜ਼ਬਾਗ ਦਿਖਾ ਰਹੇ ਹਨ ਪਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਅਸਲ ਵਿਚ ਜੋ ਕਿਹਾ ਉਹ ਕਰਕੇ ਵਿਖਾਇਆ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦਾ ਸੱਦਾ ਵੀ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਮੰਤਰੀ ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਵਿਚ ਕਿਸਾਨਾਂ ਦਾ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਦਾ ਡਟ ਕੇ ਸਾਥ ਦਿੱਤਾ, ਜਿਸ ਕਰਕੇ ਕਾਲੇ ਕੇਂਦਰੀ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ਸਿਖ਼ਰਾ ਉਤੇ ਪੁੱਜਾ ਹੈ।
ਸ. ਧਰਮਸੋਤ ਨੇ ਕਿਹਾ ਕਿ ਇਸ ਸੜਕ ਦੇ ਨਵ-ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 9 ਕਰੋੜ ਰੁਪਏ ਜਾਰੀ ਕੀਤੇ ਹਨ, ਇਸ ਨਾਲ 40 ਪਿੰਡਾਂ ਦੇ ਵਸਨੀਕਾਂ ਨੂੰ ਲਾਭ ਹੋਵੇਗਾ ਜਦਕਿ ਇਸ ਸੜਕ ਦੇ ਚੌੜਾ ਹੋਣ ਨਾਲ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਵੀ ਪੂਰੀ ਹੋਈ ਹੈ ਅਤੇ ਇਹ ਸੜਕ ਵਾਇਆ ਖਨੌੜਾ, ਜੱਸੋਮਾਜਰਾ, ਫਰੀਦਪੁਰ ਤੋਂ ਅੱਗੇ ਜਾਵੇਗੀ।
ਉਨ੍ਹਾਂ ਦੱਸਿਆ ਕਿ ਹਲਕਾ ਨਾਭਾ ਅਧੀਨ ਪੈਂਦੀ ਇਹ ਮਹੱਤਵਪੂਰਨ ਸੜਕ ਇਕ ਬਾਈਪਾਸ ਦਾ ਕੰਮ ਕਰਦੀ ਹੈ, ਜੋ ਕਿ ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ (ਰਾਜ ਮਾਰਗ-12 ਏ) ਤੋਂ ਸ਼ੁਰੂ ਹੁੰਦੇ ਹੋਏ ਕਾਲਸਨਾ ਤੋਂ ਅੱਗੇ ਰੋਹਟੀ ਪੁਲ-ਜੌੜੇਪੁਲ ਸੜਕ ਨੂੰ ਵੀ ਜੋੜਦੀ ਹੈ, ਇਸ ਤੋਂ ਇਲਾਵਾ ਇਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਵੀ ਜੋੜਦੀ ਹੈ।ਜਦਕਿ ਇਸ ਸੜਕ ਉੱਤੇ ਭੱਠੇ, ਸ਼ੈਲਰ, ਡਿਸਪੈਂਸਰੀ, ਸਕੂਲ ਅਤੇ ਮੰਡੀਆਂ ਆਦਿ ਹੋਣ ਕਰਕੇ ਆਵਾਜਾਈ ਵੀ ਚੋਖੀ ਸੀ, ਜਿਸ ਕਰਕੇ ਹਾਦਸਿਆਂ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਹੋਰ ਦੱਸਿਆ ਕਿ ਨਾਭਾ ਹਲਕੇ ‘ਚ ਵੱਡੇ ਪੱਧਰ ‘ਤੇ ਸੜਕਾਂ ਅਤੇ ਪੁਲਾਂ ਦੇ ਨਿਰਮਾਣ ਦਾ ਕੰਮ ਹੋਇਆ ਅਤੇ ਚੱਲ ਵੀ ਰਿਹਾ ਹੈ।
ਕੈਬਿਨੇਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਦੱਸਿਆ ਕਿ ਸੂਬੇ ‘ਚ ਸਾਰੇ ਖਪਤਕਾਰਾਂ ਅਤੇ ਖਾਸ ਕਰਕੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਕੋਈ ਕਮੀ ਨਹੀਂ ਪਰੰਤੂ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਉਤਪਾਦਨ ‘ਚ ਕਿਸੇ ਖਰਾਬੀ ਕਰਕੇ ਸਪਲਾਈ ‘ਚ ਵਿਘਨ ਪਿਆ ਹੈ, ਜਿਸ ਨੂੰ ਅੱਜ ਸ਼ਾਮ ਤੱਕ ਦਰੁਸਤ ਕਰਕੇ ਬਿਜਲੀ ਸਪਲਾਈ ਆਮ ਵਾਂਗ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕੁਝ ਸ਼ਰਾਰਤੀ ਅਨਸਰ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਕੇ ਮਾਹੌਲ ਨੂੰ ਤਣਾਅਪੂਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰੰਤੂ ਅਜਿਹੇ ਲੋਕਾਂ ਦੇ ਚਿਹਰੇ ਤੋਂ ਨਕਾਬ ਉਤਰ ਜਾਵੇਗਾ ਅਤੇ ਲੋਕ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨਕਾਰ ਸੁੱਟਣਗੇ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਪਰਮਜੀਤ ਗੋਇਲ, ਨਿਗਰਾਨ ਇੰਜੀਨੀਅਰ ਰਵੀ ਚਾਵਲਾ, ਕਾਰਜਕਾਰੀ ਇੰਜੀਨੀਅਰ ਬੰਕੇਸ਼ ਸ਼ਰਮਾ, ਡੀ.ਐਸ.ਪੀ. ਨਾਭਾ ਰਾਜੇਸ਼ ਛਿੱਬੜ ਤੋਂ ਇਲਾਵਾ ਮੰਤਰੀ ਦੇ ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਨਿਜੀ ਸਕੱਤਰ ਕਾਬਲ ਸਿੰਘ, ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਪਰਮਜੀਤ ਸਿੰਘ ਖੱਟੜਾ, ਸਰਪੰਚ ਕਰਮਜੀਤ ਸਿੰਘ ਫਰੀਦਪੁਰ, ਸਰਪੰਚ ਹਰਜੀਤ ਸਿੰਘ ਮੱਲੇਵਾਲ, ਰਾਜ ਸਿੰਘ ਹੱਲਾ, ਜਰਨੈਲ ਸਿੰਘ ਝੰਬਾਲੀ, ਪਾਲ ਸਿੰਘ ਚਹਿਲ, ਪ੍ਰਗਟ ਸਿੰਘ ਭੜੀ, ਮੱਖਣ ਸਿੰਘ ਟੌਹੜਾ, ਮਹਿੰਦਰ ਸਿੰਘ ਦਿੱਤੂਪੁਰ, ਮਨਜੀਤ ਸਿੰਘ ਫ਼ਤਹਿਪੁਰ ਆਦਿ ਸਮੇਤ ਹੋਰ ਪਤਵੰਤੇ ਮੌਜੂਦ ਸਨ।