ਜੁਲਾਈ ਦਾ ਮਹੀਨਾ ਸਦਾਬਹਾਰ ਫ਼ਲਦਾਰ ਬੂਟਿਆਂ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ
ਬਟਾਲਾ, 9 ਜੁਲਾਈ (2021) – ਜੁਲਾਈ ਦਾ ਮਹੀਨਾ ਸਦਾਬਹਾਰ ਫ਼ਲਦਾਰ ਬੂਟਿਆਂ ਜਿਵੇਂ ਕਿ ਨਿੰਬੂ ਜਾਤੀ, ਅੰਬ, ਲੀਚੀ, ਅਮਰੂਦ, ਲੁਕਾਠ, ਬੇਰ ਅਤੇ ਪਪੀਤੇ ਦੇ ਬਾਗਾਂ ਦੀ ਲਵਾਈ ਲਈ ਢੁੱਕਵਾਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫ਼ਸਰ, ਬਟਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਾਰੀਆਂ ਬਾਰਸ਼ਾਂ ਕਾਰਨ ਕਈ ਵਾਰ ਬਾਗਾਂ ਵਿੱਚ ਜ਼ਿਆਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਇਹ ਵਾਧੂ ਪਾਣੀ ਬਾਗਾਂ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਕਿਉਂਕਿ ਇਹ ਵਾਧੂ ਖੜ੍ਹਾ ਪਾਣੀ ਬੂਟਿਆਂ ਦਾ ਨੁਕਸਾਨ ਕਰ ਸਕਦਾ ਹੈ।
ਬਾਗਬਾਨੀ ਅਫ਼ਸਰ ਨੇ ਕਿਹਾ ਕਿ ਖਾਲੀ ਜ਼ਮੀਨ ਤੇ ਅੰਤਰ ਫਸਲਾਂ ਦੀ ਕਾਸਤ ਅਤੇ ਹਰੀ ਖਾਦ ਲਈ ਸਾਉਣੀ ਦੀਆਂ ਫ਼ਲੀਦਾਰ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਜੰਤਰ ਆਦਿ ਬੀਜ ਦੇਣਾ ਚਾਹੀਦਾ ਹੈ। ਨਾਖਾਂ ਦੇ ਫ਼ਲਾਂ ਨੂੰ ਬਗੈਰ ਟਾਹਣੀਆਂ ਦੀ ਟੁੱਟ-ਭੱਜ ਦੇ ਤੋੜਨਾ ਚਾਹੀਦਾ ਹੈ। ਬੇਰਾਂ ਦੇ ਪੂਰੇ ਤਿਆਰ ਦਰਖ਼ਤਾਂ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਇਸ ਮਹੀਨੇ ਪਾ ਦੇਣਾ ਚਾਹੀਦਾ ਹੈ। ਕਿੰਨੂ ਵਿੱਚ ਝਾੜ ਅਤੇ ਫਲਾਂ ਦੀ ਗੁਣਵੱਤਾ ਸੁਧਾਰਨ ਲਈ ਪੋਟਾਸ਼ੀਅਮ ਨਾਈਟ੍ਰੇਟ (1.0 ਪ੍ਰਤੀਸ਼ਤ) ਦਾ ਛਿੜਕਾਅ ਕਰਨਾ ਚਾਹੀਦਾ ਹੈ। ਚੂਨੇ ਦੀ ਕਲੀ ਤਣੇ ਦੁਆਲੇ ਦੂਸਰੀ ਵਾਰ ਫੇਰ ਦਿਓ ਕਿਉਂਕਿ ਅਜਿਹਾ ਕਰਨ ਨਾਲ ਤਣਾ ਗਰਮੀ ਤੋਂ ਬਚਿਆ ਰਹੇਗਾ। ਨਿੰਬੂ ਜਾਤੀ ਦੇ ਕੀੜਿਆਂ ਦੀ ਰੋਕਥਾਮ ਲਈ 200 ਮਿ.ਲਿ. ਕਰੋਕੋਡਾਇਲ/ਕੰਨਫੀਡੋਰ 17.8 ਐਸ ਐਲ (ਇਮਿਡਾਕਲੋਪਰਡਿ) ਜਾਂ 160 ਗ੍ਰਾਮ ਐਕਟਾਰਾ (ਥਾਇਆਮੈਥਾਕਸਮ) ਨੂੰ 500 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਇਹ ਘੋਲ ਇੱਕ ਏਕੜ ਦੇ ਪੂਰੇ ਤਿਆਰ ਬਾਗ ਲਈ ਕਾਫ਼ੀ ਹੈ।
ਬਾਗਬਾਨੀ ਅਫ਼ਸਰ ਨੇ ਦੱਸਿਆ ਕਿ ਨਿੰਬੂ ਅਤੇ ਅੰਗੂਰਾਂ ਵਿੱਚ ਮਿੱਲੀਬੱਗ ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਪੱਤਿਆਂ ਦੇ ਹੇਠਲੇ ਪਾਸੇ, ਨਰਮ ਸ਼ਾਖਾਵਾਂ, ਜ਼ਮੀਨ ਨਾਲ ਛੂੰਹਦੀਆਂ ਟਹਿਣੀਆਂ ਤੇ ਫਲਾਂ ਦੀ ਜਾਂਚ ਕਰਦੇ ਰਹੋ। ਬਾਗਾਂ ਨੂੰ ਸਾਫ-ਸੁਥਰਾ ਰੱਖਣ ਲਈ ਨਦੀਨਾਂ ਅਤੇ ਘਾਹ ਦੀ ਰੋਕਥਾਮ ਕਰੋ। ਦਰੱਖਤ ਦੀਆਂ ਟਹਿਣੀਆਂ ਦੀ ਕਾਂਟ-ਛਾਂਟ ਇਸ ਢੰਗ ਨਾਲ ਕਰੋ ਕਿ ਉਹ ਜ਼ਮੀਨ ਨੂੰ ਨਾ ਲੱਗਣ। ਹਮਲੇ ਹੇਠ ਆਈਆਂ ਟਹਿਣੀਆਂ ਨੂੰ ਕੱਟ ਕੇ ਨਸਟ ਕਰ ਦਿਉ।ਬਾਗਾਂ ਚੋਂ ਕੀੜੀਆਂ/ਕਾਢਿਆਂ ਦੇ ਭੌਂਣ ਨਸ਼ਟ ਕਰੋ। ਨਿੰਬੂ ਜਾਤੀ ਦੇ ਟਾਹਣੀਆਂ ਸੁੱਕਣ ਦੇ ਰੋਗ, ਸਕੈਬ ਅਤੇ ਕੋਹੜ ਰੋਗ ਨੂੰ ਰੋਕਣ ਲਈ ਬੋਰਡੋ ਮਿਸ਼ਰਣ ਦਾ ਛਿੜਕਾਅ 15 ਦਿਨਾਂ ਦੇ ਵਕਫ਼ੇ ਤੇ ਕਰੋ। ਨਿੰਬੂ ਜਾਤੀ ਦੇ ਪੈਰੋਂ ਗਲਣ ਦੇ ਰੋਗ (ਫ਼ਾਈਟਪਥੋਰਾ ਰੋਗ) ਦੀ ਰੋਕਥਾਮ ਲਈ ਬੂਟਿਆਂ ਦੀ ਛੱਤਰੀ ਹੇਠ ਜਮੀਨ ਅਤੇ ਮੁੱਖ ਤਣਿਆਂ ਉੱਪਰ 50 ਮਿਲੀਲਿਟਰ ਸੋਡੀਅਮ ਹਾਈਪੋਕਲੋਰਾਈਟ (5%) ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟਾ ਪਾਇਆ ਜਾ ਸਕਦਾ ਹੈ।
ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੰਗੂਰਾਂ ਦੇ ਬੂਟਿਆਂ ਨੂੰ ਕੋਹੜ ਦੇ ਰੋਗ ਤੋਂ ਬਚਾਉਣ ਲਈ ਜੁਲਾਈ ਦੇ ਪਹਿਲੇ ਅਤੇ ਅਖੀਰਲੇ ਹਫਤੇ ਵਿੱਚ ਬੋਰਡੋ ਮਿਸ਼ਰਣ (2:2:250) ਦਾ ਛਿੜਕਾਅ 500 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ। ਅਮਰੂਦਾਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਹਫਤੇ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਾਓ। ਬਾਗਾਂ ਵਿੱਚ ਫਲ ਦੀ ਮੱਖੀ ਗ੍ਰਸਤ ਫਲਾਂ ਨੂੰ ਲਗਾਤਾਰ ਇਕੱਠਾ ਕਰਕੇ ਦਬਾਉਂਦੇ ਰਹੋ। ਬਰਸਾਤ ਰੁੱਤ ਦੇ ਅਮਰੂਦਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖਤ ਹਰੇ ਫ਼ਲਾਂ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਿਆਂ ਨਾਲ ਢਕਿਆ ਜਾ ਸਕਦਾ ਹੈ।