ਜਿਲ੍ਹੇ ਵਿੱਚ ਬੱਚੀਆਂ ਨੂੰ ਵਧੀਆ ਤੌਰ ਤੇ ਸਿੱਖਿਅਤ ਕਰਕੇ ਅਪਣੇ ਪੈਰਾਂ ਤੇ ਖੜਾ ਕੀਤਾ ਜਾਵੇਗਾ- ਏ ਡੀ ਸੀ
ਫਤਹਿਗੜ੍ਹ ਸਾਹਿਬ, 11ਜੂਨ
ਜ਼ਿਲ੍ਹਾ ਪ੍ਰਸ਼ਾਸ਼ਨ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਦੀ ਰਹਿਨੁਮਾਈ ਹੇਠ ਲੜਕੀਆਂ ਨੂੰ ਸਿੱਖਿਆ ਅਤੇ ਰੁਜਗਾਰ ਦੇਣ ਲਈ ਨਵ ਗੁਰੂਕੁਲ ਨਾਲ ਮਿਲ ਕੇ ਇੱਕ ਨਿਵੇਕਲਾ ਉਪਰਾਲਾ ਕੀਤਾ ਹੈ। ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਇੱਕ ਸਵੈ ਸੇਵੀ ਸੰਗਠਨ ਗੁਰੂਕੁਲ ਨਾਲ ਮਿਲ ਕੇ ਜਿਲ੍ਹਾ ਪ੍ਰਸ਼ਾਸ਼ਨ ਨੇ ਬੱਚੀਆਂ ਨੂੰ ਸਾਫਟਵੇਅਰ ਇੰਜਨੀਅਰਿੰਗ ਦੀ ਟ੍ਰੇਨਿੰਗ ਦਿਵਾਉਣ ਲਈ ਬੈਂਗਲੌਰ ਭੇਜਣ ਦਾ ਬੀੜਾ ਚੁੱਕਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਨੂੰ ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ 100 ਫੀਸਦੀ ਰੁਜਗਾਰ ਮਿਲਣਾ ਪੱਕਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਸਿੱਖਿਆ ਵਿਭਾਗ ਅਤੇ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਨੇ ਲਗਭਗ ਦੋ ਹਜਾਰ ਬੱਚਿਆਂ ਨਾਲ ਰਾਬਤਾ ਕੀਤਾ ਅਤੇ ਉਨ੍ਹਾਂ ਵਿੱਚੋਂ 06 ਲੜਕੀਆਂ ਦੀ ਚੋਣ ਕੀਤੀ ਗਈ। ਇਨ੍ਹਾਂ ਸਾਰਿਆਂ ਨੂੰ ਹੁਣ ਬੈਂਗਲੋਰ ਵਿਖੇ ਸਾਫਟਵੇਅਰ ਇੰਜਨੀਅਰਿੰਗ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਉਹ ਭਵਿੱਖ ਵਿੱਚ ਆਪਣੇ ਪਰਿਵਾਰ ਅਤੇ ਸਮਾਜ ਦੇਸ਼ ਦੀ ਸੇਵਾ ਕਰ ਸਕਣ।
ਅੱਜ ਬੈਂਗਲੋਰ ਜਾਣ ਤੋਂ ਪਹਿਲਾਂ ਇਨ੍ਹਾਂ ਲੜਕੀਆਂ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਸੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੇ ਸੁਨਿਹਿਰੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਵਿੱਚ ਬੱਚੀਆਂ ਨੂੰ ਵਧੀਆ ਤੌਰ ਤੇ ਸਿੱਖਿਅਤ ਕਰਕੇ ਅਪਣੇ ਪੈਰਾਂ ਤੇ ਖੜਾ ਕੀਤਾ ਜਾਵੇਗਾ। ਉਨ੍ਹਾਂ ਜਿਲੇ ਵਿੱਚ ਕੰਮ ਕਰ ਰਹੇ ਵੱਡੇ ਅਦਾਰਿਆਂ ਨੂੰ ਵੀ ਅੱਗੇ ਆ ਕੇ ਇਸ ਤਰਾਂ ਦੇ ਸਮਾਜ ਭਲਾਈ ਦੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜਿਲ੍ਹਾ ਵਿਕਾਸ ਫੈਲੋ ਇਸ਼ੀਕਾ ਸ਼ੀਲ ਵੀ ਵਿਸ਼ੇਸ ਰੂਪ ਵਿਚ ਮੌਜੂਦ ਸਨ।