ਚੋਹਲਾ ਸਾਹਿਬ ਵਿਖੇ ਲਗਾਇਆ ਗਿਆ ਕੋਵਿਡ-19 ਸਬੰਧੀ ਦਿਵਿਆਂਗਜਨਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ- ਡਿਪਟੀ ਕਮਿਸ਼ਨਰ
4 ਜੂਨ ਨੂੰ ਫਤਿਆਬਾਦ, ਚੋਹਲਾ ਸਾਹਿਬ ਅਤੇ ਸਰਹਾਲੀ ਵਿਖੇ ਦਿਵਿਆਂਗਜਨਾਂ ਲਈ ਲੱਗੇਗਾ ਵਿਸ਼ੇਸ਼ ਕੈਂਪ
ਤਰਨ ਤਾਰਨ,2 ਜੂਨ :
ਜ਼ਿਲ੍ਹੇ ਵਿੱਚ ਕੋਵਿਡ-19 ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਵਿੱਢੀ ਗਈ ਟੀਕਾਕਰਨ ਮੁਹਿੰਮ ਤਹਿਤ ਅੱਜ ਸਰਕਾਰੀ ਹਾਈ ਸਕੂਲ ਚੋਹਲਾ ਸਾਹਿਬ ਵਿਖੇ ਦਿਵਿਆਂਗਜਨਾਂ ਲਈ ਕੋਵਿਡ-19 ਟੀਕਾਕਰਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਵਿਸ਼ੇਸ਼ ਕੈਂਪ ਦੌਰਾਨ 50 ਸਾਲ ਤੋਂ ਉੱਪਰ ਦਿਵਿਆਂਗਜਨਾਂ ਨੂੰ ਕੋਵਿਡ-19 ਦੀ ਵੈਕਸੀਨ ਲਗਾਈ ਗਈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 04 ਜੂਨ, 2021 ਨੂੰ ਵੀ ਜ਼ਿਲ੍ਹੇ ਦੇ ਕਸਬਾ ਫਤਿਆਬਾਦ, ਸਰਹਾਲੀ ਅਤੇ ਚੋਹਲਾ ਸਾਹਿਬ ਵਿਖੇ ਦਿਵਿਆਂਗ ਵਿਅਕਤੀਆਂ ਨੂੰ ਕੋਵਿਡ-19 ਸਬੰਧੀ ਵੈਕਸੀਨ ਲਗਾਉਣ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਜਾਵੇਗਾ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਅੱਜ ਦੇ ਵਿਸ਼ੇਸ ਕੈਂਪ ਦੌਰਾਨ ਸਿਹਤ ਵਿਭਾਗ ਵੱਲੋਂ ਦਿਵਿਆਂਗਜਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਉਹਨਾਂ ਕਿਹਾ ਕਿ ਵੈਕਸੀਨੇਸ਼ਨ ਕੈਂਪ ਵਿੱਚ ਦਿਵਿਆਂਗਜਨਾਂ ਨੂੰ ਲਿਆਉਣ ਅਤੇ ਛੱਡਣ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਉਹਨਾਂ ਲਈ ਪੀਣ ਵਾਲੇ ਪਾਣੀ ਦੀ ਸੇਵਾ ਅਤੇ ਬੈਠਣ ਦਾ ਖਾਸ ਪ੍ਰਬੰਧ ਕੀਤਾ ਗਿਆ। ਉਹਨਾਂ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਵੈਕਸੀਨ ਲਗਾਉਣ ਲਈ ਵੱਖ-ਵੱਖ ਥਾਵਾਂ ‘ਤੇ ਬਣਾਏ ਗਏ ਵੈਕਸੀਨੇਸ਼ਨ ਕੇਂਦਰਾਂ ਪਹੁੰਚ ਕੇ ਵੱਧ ਤੋਂ ਵੱਧ ਟੀਕਾਕਰਨ ਕਰਵਾਉਣ ਤਾਂ ਜੋ ਵਾਇਰਸ ਤੇ ਕਾਬੂ ਪਾਇਆ ਜਾ ਸਕੇ ।
ਸਿਵਲ ਸਰਜਨ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਬੁਖ਼ਾਰ, ਖ਼ਾਸੀ, ਸਾਹ ਲੈਣ ਵਿੱਚ ਤਕਲੀਫ, ਸਰਦੀ, ਜ਼ੁਕਾਮ, ਦਸਤ, ਨੱਕ ਵੱਗਣਾ, ਗਲੇ ਵਿੱਚ ਖਰਾਸ਼, ਸਵਾਦ ਅਤੇ ਸੁੰਘਣ ਸ਼ਕਤੀ ਦਾ ਘੱਟਣਾ ਅਤੇ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਤਾਂ ਉਹ ਤੁਰੰਤ ਹੀ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾਂ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਰੋਨਾ ਟੈੱਸਟ ਜਰੂਰ ਕਰਵਾਏ ਤਾਂ ਜੋ ਸਮੇਂ ਸਿਰ ਇਲਾਜ ਹੋ ਸਕੇ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ 11 ਸਰਕਾਰੀ ਸਿਹਤ ਕੇਂਦਰਾਂ, ਕਮਿਉਨਟੀ ਹੈੱਲਥ ਸੈਂਟਰ ਸੁਰਸਿੰਘ, ਸਰਹਾਲੀ, ਘਰਿਆਲਾ, ਖੇਮਕਰਨ, ਮੀਆਵਿੰਡ, ਕੈਰੋਂ, ਕਸੇਲ, ਝਬਾਲ, ਸਬ-ਡਿਵੀਜ਼ਨਲ ਹਸਪਤਾਲ ਪੱਟੀ, ਖ਼ਡੂਰ ਸਾਹਿਬ ਅਤੇ ਜ਼ਿਲ੍ਹਾ ਹਸਪਤਾਲ ਤਰਨ ਤਾਰਨ ਵਿੱਚ ਕੋਵਿਡ-19 ਦੀ ਜਾਂਚ ਲਈ ਮੁਫ਼ਤ ਟੈੱਸਟ ਕੀਤੇ ਜਾ ਰਹੇ ਹਨ ।