ਚੋਣ ਅਫ਼ਸਰ ਪੰਜਾਬ ਵਲੋਂ ਕੀਤਾ ਗਿਆ ਪੋਲਿੰਗ ਬੂਥਾਂ ਅਤੇ ਵੋਟਰ ਜਾਗਰੂਕਤਾ ਕੈਂਪਾਂ ਦਾ ਅਚਨਚੇਤ ਨਿਰੀਖਣ
ਹੁਸ਼ਿਆਰਪੁਰ, 5 ਜੁਲਾਈ 2021 : ਆਗਾਮੀ ਵਿਧਾਨ ਸਭਾ ਚੋਣਾਂ ਅਤੇ ਕੋਵਿਡ-19 ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅੱਜ ਚੋਣ ਅਫ਼ਸਰ ਪੰਜਾਬ ਹਰੀਸ਼ ਕੁਮਾਰ ਨੇ ਵਿਧਾਨ ਸਭਾ ਖੇਤਰ 41-ਉੜਮੁੜ ਦੇ ਗੜ੍ਹਦੀਵਾਲਾ ਵਿੱਚ ਸਥਿਤ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ। ਨਿਰੀਖਣ ਦੇ ਦੌਰਾਨ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਜਿਨ੍ਹਾਂ ਪੋਲਿੰਗ ਬੂਥਾਂ ’ਤੇ 1000 ਤੋਂ ਵੱਧ ਵੋਟਰ ਹਨ, ਉਨ੍ਹਾਂ ਬੂਥਾਂ ’ਤੇ ਕੋਵਿਡ-19 ਦੀਆਂ ਗਾਈਡਲਾਈਨਜ਼ ਅਨੁਸਾਰ ਅਗਜ਼ਿਲਰੀ ਬੂਥ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਰੀਖਣ ਦੇ ਦੌਰਾਨ ਪਾਇਆ ਗਿਆ ਕਿ ਜਿਨ੍ਹਾਂ ਪੋਲਿੰਗ ਸਟੇਸ਼ਨਾ ਦੇ ਅਗਜ਼ਿਲਰੀ ਬੂਥ ਬਣਾਏ ਜਾਣੇ ਹਨ, ਉਹ ਹਦਾਇਤਾਂ ਮੁਤਾਬਕ ਸਹੀ ਹਨ। ਬੂਥਾਂ ’ਤੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ-ਕਮ-ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰ-31 ਉੜਮੁੜ ਮਨੋਹਰ ਲਾਲ ਅਤੇ ਸੁਪਰਵਾਈਜਰ ਹਰਦੀਪ ਸਿੰਘ ਵੀ ਮੌਜੂਦ ਸਨ।
ਹਰੀਸ਼ ਕੁਮਾਰ ਨੇ ਇਸ ਤੋਂ ਬਾਅਦ ਜ਼ਿਲ੍ਹਾ ਚੋਣ ਦਫ਼ਤਰ ਰਾਹੀਂ ਲਗਾਏ ਜਾ ਰਹੇ ਵੋਟਰ ਜਾਗਰੂਕਤਾ ਕੈਂਪਾਂ ਦਾ ਦੌਰਾ ਵੀ ਕੀਤਾ। ਉਨ੍ਹਾਂ ਵਿਧਾਨ ਸਭਾ ਖੇਤਰ 43- ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਵਿੱਚ ਲਗਾਏ ਗਏ ਵੋਟਰ ਜਾਗਰੂਕਤਾ ਕੈਂਪਾਂ ਦਾ ਵੀ ਨਿਰੀਖਣ ਕੀਤਾ। ਚੋਣ ਅਫ਼ਸਰ ਪੰਜਾਬ ਵਲੋਂ ਉਸ ਖੇਤਰ ਦੇ ਲੋਕਾਂ ਨੂੰ ਵੋਟ ਬਣਾਉਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਰੇ ਵਿੱਚ ਪੁੱਛਿਆ ਗਿਆ ਅਤੇ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਹਦਾਇਤਾਂ ਦੇ ਮੁਤਾਬਕ ਯੋਗ ਵਿਅਕਤੀਆਂ ਦੀ ਵੋਟ ਵੋਟਰ ਸੂਚੀ ਵਿੱਚ ਜ਼ਰੂਰ ਦਰਜ ਕਰ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਲੋਕਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਉਨ੍ਹਾਂ ਬੂਥ ਲੈਵਲ ਅਫ਼ਸਰ ਰਿੰਪਲ ਕੁਮਾਰ, ਪ੍ਰੇਮ ਚੰਦ, ਚਮਨ ਲਾਲ, ਸੁਪਰਵਾਈਜ਼ਰ ਅਸ਼ੋਕ ਕੁਮਾਰ, ਚੋਣ ਕਾਨੂੰਗੋ ਹਰਪ੍ਰੀਤ ਕੌਰ ਦੇ ਦਫ਼ਤਰ ਦੀ ਸ਼ਲਾਘਾ ਕੀਤੀ। ਇਸ ਮੌਕੇ ’ਤੇ ਚੋਣ ਤਹਿਸੀਲਦਾਰ ਹਰਮਿੰਦਰ ਸਿੰਘ, ਕਾਨੂੰਗੋ ਸੁਖਦੇਵ ਸਿੰਘ, ਦੀਪਕ ਕੁਮਾਰ, ਰਾਜਨ ਮੌਂਗਾ ਵੀ ਹਾਜ਼ਰ ਸਨ।