ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰਨਗੇ ਡੇਂਗੂ ਸਰਵੀਲੈਂਸ ਟੀਮਾਂ ਦੇ ਵਲੰਟੀਅਰ
ਹੁਸ਼ਿਆਰਪੁਰ, 3 ਜੂਨ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਨਾਜ਼ੁਕ ਦੌਰ ਵਿੱਚ ਜਨਤਾ ਨੂੰ ਕੋਵਿਡ ਦੇ ਨਾਲ-ਨਾਲ ਡੇਂਗੀ ਤੋਂ ਸੁਰੱਖਿਅਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਥੇ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਵਿਸ਼ੇਸ ਡਿਊਟੀ ਨਿਭਾਈ ਜਾ ਰਹੀ ਹੈ ਉਥੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ ’ਤੇ 60 ਵਲੰਟੀਅਰਾਂ ਦੀ ਡੇਂਗੀ ਸਰਵੀਲੈਂਸ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਘਰ ਘਰ ਜਾ ਕੇ ਡੇਂਗੀ ਦੇ ਲਾਰਵੇ ਦੀ ਚੈਕਿੰਗ ਯਕੀਨੀ ਬਣਾਉਣਗੇ। ਉਹ ਅੱਜ ਜ਼ਿਲ੍ਹਾ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਵਿੱਚ ਡੇਂਗੀ ਸਰਵੀਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਗੁਰਮੇਲ ਸਿੰਘ, ਡਾ. ਸੁਲੇਸ਼, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਂਸਲਰ ਅਦਿੱਤਿਆ ਰਾਣਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਵਲੰਟੀਅਰਾਂ ਵਲੋਂ ਦਸੂਹਾ ਸ਼ਹਿਰ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਸਰਵੇ ਕਰਕੇ ਡੇਂਗੀ ਦੀ ਜਾਂਚ ਕੀਤੀ ਜਾਵੇਗੀ, ਜਿਸ ਵਿੱਚ 10 ਵਲੰਟੀਅਰ ਦਸੂਹਾ ਸ਼ਹਿਰ ਵਿੱਚ ਅਤੇ 50 ਵਲੰਟੀਅਰ ਹੁਸ਼ਿਆਰਪੁਰ ਸ਼ਹਿਰ ਵਿੱਚ ਸਰਵੇ ਕਰਨਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਵਲੰਟੀਅਰ ਡੇਂਗੀ ਸਰਵੇ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਮਿਸਟਰ ਕਲੀਨ ਪ੍ਰੋਜੈਕਟ ਸਬੰਧੀ ਵੀ ਚਾਹਵਾਨ ਲੋਕਾਂ ਦੀ ਰਜਿਸਟ੍ਰੇਸ਼ਨ ਕਰਨਗੇ, ਜਿਸ ਤਹਿਤ ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਦੇ ਘਰਾਂ ਵਿੱਚ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਉਨ੍ਹਾਂ ਨੂੰ ਕਾਰ ਵਾਸ਼ਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਵਲੰਟੀਅਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੀ ਤੋਂ ਬਚਾਅ ਸਬੰਧੀ ਜਾਗਰੂਕ ਕਰਨ। ਉਨ੍ਹਾਂ ਸਾਰੇ ਵਲੰਟੀਅਰਾਂ ਨੂੰ ਉਨ੍ਹਾਂ ਦੀ ਡਿਊਟੀ ਜੈਕਟ, ਆਈ ਕਾਰਡ ਅਤੇ ਕਿੱਟ ਬੈਗ ਸੌਂਪਦੇ ਹੋਏ ਕਿਹਾ ਕਿ ਉਹ ਸਰਵੇ ਦੌਰਾਨ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਮਾਸਕ ਪਹਿਨਣ ਅਤੇ ਸੈਨੇਟਾਈਜਰ ਜਾਂ ਸਾਬਣ ਨਾਲ ਸਮੇਂ-ਸਮੇਂ ’ਤੇ ਹੱਥ ਜ਼ਰੂਰ ਸਾਫ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਤੋਂ ਹੀ ਹੁਸ਼ਿਆਰਪੁਰ ਵਿੱਚ ਇਸ ਤਰ੍ਹਾਂ ਦੀਆਂ ਸਰਵੀਲੈਂਸ ਟੀਮਾਂ ਬਣਾ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ ਗਿਆ ਸੀ ਜਿਸ ਦੇ ਨਤੀਜੇ ਵਜੋਂ ਜ਼ਿਲ੍ਹੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਮਾਮਲੇ ਆਏ ਸਨ, ਇਸੇ ਲੜੀ ਵਿੱਚ ਇਸ ਸਾਲ ਵੀ ਵਲੰਟੀਅਰਾਂ ਰਾਹੀਂ ਇਹ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਬਾਰਸ਼ ਦੇ ਸੀਜਨ ਦੌਰਾਨ ਡੇਂਗੀ ਸਰਵੀਲੈਂਸ ਟੀਮਾਂ ਵਲੋਂ ਲਾਰਵੇ ਦੀ ਜਾਂਚ ਕਰਨ ਲਈ ਘਰਾਂ ਦਾ ਸਰਵੇ ਕੀਤਾ ਜਾਵੇਗਾ। ਇਸ ਲਈ ਲੋਕ ਡੇਂਗੀ ਨਾਲ ਸਬੰਧਤ ਡਿਊਟੀ ਕਰ ਰਹੇ ਸਟਾਫ ਨਾਲ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸਹਿਯੋਗ ਨਾ ਕਰਨ ’ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੌਰ ਵਿੱਚ ਸਭ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਅਸੀਂ ਸਾਰੇ ਸਿਹਤਮੰਦ ਰਹਿ ਸਕੀਏ। ਉਨ੍ਹਾਂ ਕਿਹਾ ਕਿ ਇਹ ਵਲੰਟੀਅਰ ਲੋਕਾਂ ਦੀ ਸੁਰੱਖਿਆ ਦੇ ਲਈ ਹੀ ਸਰਵੇ ਕਰ ਰਹੇ ਹਨ, ਇਸ ਲਈ ਕਿਸੇ ਵੀ ਤਰ੍ਹਾਂ ਦਾ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਡੇਂਗੀ ਸਰਵੀਲੈਂਸ ਟੀਮਾਂ ਵਲੋਂ ਹੁਸ਼ਿਆਰਪੁਰ ਸ਼ਹਿਰ ਵਿੱਚ 38362 ਘਰਾਂ ਦਾ ਸਰਵੇ ਕਰਕੇ 198646 ਜਨਸੰਖਿਆ ਨੂੰ ਕਰਵ ਕੀਤਾ ਗਿਆ ਸੀ ਜਿਸ ਤਹਿਤ ਕਰੀਬ 6 ਵਾਰ ਸ਼ਹਿਰ ਦੇ ਘਰਾਂ ਦਾ ਸਰਵੇ ਕਰਦੇ ਹੋਏ 237400 ਘਰਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 12153 ਘਰਾਂ ਤੋਂ ਲਾਰਵਾ ਪਾਇਆ ਗਿਆ, ਜਿਸ ਨੂੰ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਕੁੱਲ 1262071 ਕੰਟੇਨਰ ਚੈਕ ਕੀਤੇ ਗਏ ਅਤੇ 13092 ਕੰਟੇਨਰਾਂ ਵਿੱਚ ਲਾਰਵਾ ਪਾਇਆ ਗਿਆ ਸੀ, ਜਿਸ ਨੂੰ ਟੀਮਾਂ ਵਲੋਂ ਨਸ਼ਟ ਕਰਵਾਇਆ ਗਿਆ।
ਅਪਨੀਤ ਰਿਆਤ ਨੇ ਦੱਸਿਆ ਕਿ ਡੇਂਗੂ ਸਰਵੀਲੈਂਸ ਟੀਮ ਦੇ ਵਲੰਟੀਅਰਾਂ ਦੀ ਚੋਣ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਿਊਰੋ ਵਲੋਂ ਉਨ੍ਹਾਂ ਲੋੜਵੰਦ ਅਤੇ ਦਿਵਆਂਗ ਨੌਜਵਾਨਾਂ ਨੂੰ ਇਸ ਕੰਮ ਲਈ ਰੱਖਿਆ ਗਿਆ ਹੈ ਜਿਨ੍ਹਾਂ ਰੋਜ਼ਗਾਰ ਲਈ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੰਟੀਅਰਾਂ ਨੂੰ ਸਿਹਤ ਵਿਭਾਗ ਵਲੋਂ ਬਕਾਇਦਾ ਟਰੇਨਿੰਗ ਦਿੱਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੀ ਦਾ ਲਾਰਵਾ ਖੜ੍ਹੇ ਪਾਣੀ ਵਿੱਚ ਫੈਲਦਾ ਹੈ। ਇਸ ਲਈ ਘਰਾਂ ਅਤੇ ਆਸ ਪਾਸ ਜ਼ਿਆਦਾ ਦੇਰ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਡੇਂਗੀ ਜਾਂਚ ਟੀਮ ਵਲੋਂ ਘਰਾਂ ਦੇ ਸਰਵੇ ਦੌਰਾਨ ਜਿਥੇ ਡੇਂਗੀ ਦਾ ਲਾਰਵਾ ਸਾਹਮਣੇ ਆਉਣ ’ਤੇ ਤੁਰੰਤ ਇਸ ਨੂੰ ਨਸ਼ਟ ਕੀਤਾ ਜਾਵੇਗਾ ਉਥੇ ਲੋੜ ਪੈਣ ’ਤੇ ਚਲਾਨ ਵੀ ਕੀਤੇ ਜਾਣਗੇ।