ਖਾਸਾ ਵਿਖੇ ਭਰਤੀ ਰੈਲੀ 6 ਸਤੰਬਰ ਤੋਂ 25 ਸਤੰਬਰ ਤੱਕ
ਬਟਾਲਾ, 19 ਜੁਲਾਈ 2021 : ਅੰਮ੍ਰਿਤਸਰ ਨੇੜੇ ਨਿਊ ਮਿਲਟਰੀ ਸਟੇਸ਼ਨ ਖਾਸਾ ਛਾਉਣੀ ਵਿਚ ਭਾਰਤੀ ਫੌਜ ਦੀ ਭਰਤੀ ਰੈਲੀ 6 ਸਤੰਬਰ ਤੋਂ 25 ਸਤੰਬਰ ਤੱਕ ਕਰਵਾਈ ਜਾ ਰਹੀ ਹੈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਦੇ ਨੌਜਵਾਨ ਭਾਗ ਲੈ ਸਕਣਗੇ ਅਤੇ ਭਰਤੀ ਹੋਣ ਵਾਲੇ ਨੌਜਵਾਨ 21 ਅਗਸਤ ਤੱਕ ਆਪਣੀ ਆਨਲਾਈਨ ਰਜਿਸਟਰੇਸ਼ਨ joinindianarmy.nic.in ’ਤੇ ਜਾ ਕੇ ਕਰ ਸਕਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਕਰਨਲ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਭਰਤੀ ਰੈਲੀ ਵਿੱਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਤਕੀਨਕੀ ਵਰਗ, ਸਿਪਾਹੀ ਨਰਸਿੰਗ ਸਹਾਇਕ, ਸਿਪਾਹੀ ਕਲਰਕ ਕਮ ਸਟੋਰ ਕੀਪਰ ਦੇ ਵਰਗ ਅਤੇ ਸਿਪਾਹੀ ਟਰੇਡ ਮੈਨ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਵੈਕਸੀਨ ਦੀ ਇਕ ਡੋਜ ਲੱਗੀ ਹੋਣੀ ਜਰੂਰੀ ਜਾਂ 72 ਘੰਟੇ ਪਹਿਲਾਂ ਦੀ ਆਰ:ਟੀ:ਪੀ:ਸੀ:ਆਰ ਦੀ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ।
ਕਰਨਲ ਸਤਬੀਰ ਸਿੰਘ ਨੇ ਦੱਸਿਆ ਕਿ ਉਮੀਦਵਾਰ ਆਪਣਾ ਦਾਖਲਾ ਕਾਰਡ ਨਾਲ ਲੈ ਕੇ ਆਉਣ ਅਤੇ ਉਸ ਨੂੰ ਫੋਲਡ ਨਾ ਕੀਤਾ ਜਾਵੇ ਅਤੇ ਰੈਲੀ ਵਿੱਚ ਸਾਮਲ ਹੋਣ ਦਾ ਦਾਖਲਾ ਕਾਰਡ ਸਾਰੇ ਨੌਜਵਾਨਾਂ ਨੂੰ 22 ਅਗਸਤ ਤੋਂ 31 ਅਗਸਤ ਤੱਕ ਉਨ੍ਹਾਂ ਵੱਲੋਂ ਰਜਿਸਟਰ ਕਰਵਾਈ ਗਈ ਈ ਮੇਲ ਤੇ ਭੇਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਫਿਜੀਕਲ ਟੈਸਟ ਤੋਂ ਬਾਅਦ ਚੁਣੇ ਹੋਏ ਨੌਜਵਾਨਾਂ ਦਾ ਲਿਖਤੀ ਟੈਸਟ ਵੀ ਹੋਵੇਗਾ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ joinindianarmy.nic.in ’ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਆਨਲਾਈਨ ਰਜਿਸਟਰਡ ਹੋਣ ਤੋਂ ਬਾਅਦ ਸਾਰੇ ਉਮੀਦਵਾਰ ਸਿੱਖਿਆ ਦੇ ਅਸਲੀ ਸਰਟੀਫਿਕੇਟ, ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਡੋਮੀਸਾਈਲ ਸਰਟੀਫਿਕੇਟ, ਜਾਤ ਸਰਟੀਫਿਕੇਟ, ਸਕੂਲ ਦਾ ਚਾਲ ਚਲਣ ਸਰਟੀਫਿਕੇਟ, ਸਰਪੰਚ ਦੁਆਰਾ ਜਾਰੀ ਚਾਲ-ਚਲਣ ਤੇ ਨਾ ਵਿਆਹੇ ਹੋਣ ਦਾ ਸਰਟੀਫਿਕੇਟ, ਐਨ.ਸੀ.ਸੀ ਜਾਂ ਕੋਈ ਖੇਡ ਪ੍ਰਾਪਤੀ ਦਾ ਸਰਟੀਫਿਕੇਟ ਨਾਲ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਰੈਲੀ ਵਾਲੀ ਥਾਂ ਤੇ ਮੋਬਾਇਲ ਫੋਨ ਲੈ ਕੇ ਜਾਣ ਦੀ ਸਖਤ ਮਨਾਹੀ ਹੋਵੇਗੀ।