ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਪਾਬੰਦੀਆਂ ਹੁਣ 10 ਜੁਲਾਈ ਤੱਕ ਸਖ਼ਤੀ ਅਤੇ ਸਾਵਧਾਨੀ ਨਾਲ ਇੰਨ-ਬਿੰਨ ਲਾਗੂ ਰਹਿਣਗੀਆਂ-ਜ਼ਿਲ੍ਹਾ ਮੈਜਸਟਰੇਟ
ਤਰਨ ਤਾਰਨ, 30 ਜੂਨ 2021: ਕੋਵਿਡ-19 ਦੇ ਦਿਨੋਂ-ਦਿਨ ਵੱਧ ਰਹੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਲੋਂ ਜਾਰੀ ਵੱਖ-ਵੱਖ ਹੁਕਮਾਂ ਅਨੁਸਾਰ ਲਾਗੂ ਹੋਣ ਵਾਲੀਆਂ ਪਾਬੰਦੀਆਂ/ਹਦਾਇਤਾਂ 30 ਜੂਨ, 2021 ਤੱਕ ਵਧਾ ਦਿੱਤੀਆਂ ਗਈਆਂ ਸਨ ਅਤੇ ਹੁਣ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ), ਪੰਜਾਬ ਸਰਕਾਰ ਵੱਲੋਂ ਮਿਤੀ: 30 ਜੂਨ, 2021 ਦੇ ਆਦੇਸ਼ਾਂ ਅਨੁਸਾਰ ਇਹ ਪਾਬੰਦੀਆਂ/ਹਦਾਇਤਾਂ ਮਿਤੀ 10 ਜੁਲਾਈ, 2021 ਤੱਕ ਲਾਗੂ ਰਹਿਣ ਸਬੰਧੀ ਗਾਈਡਲਾਈਨਾਂ ਪ੍ਰਾਪਤ ਹੋਈਆਂ ਹਨ।
ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਕੁਲਵੰਤ ਸਿੰਘ, ਆਈ. ਏ. ਐਸ., ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਅਤੇ ਰਾਸ਼ਟਰੀ ਆਪਦਾ ਪ੍ਰਬੰਧਨ ਐਕਟ, 2005 ਵਿੱਚ ਦਿੱਤੇ ਗਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਇਸ ਦਫ਼ਤਰ ਵਲੋਂ ਜਾਰੀ ਵੱਖ-ਵੱਖ ਹੁਕਮਾਂ ਤਹਿਤ ਜਾਰੀ ਪਾਬੰਦੀਆਂ/ਹਦਾਇਤਾਂ ਹੁਣ ਮਿਤੀ: 10 ਜੁਲਾਈ, 2021 ਤੱਕ ਸਖ਼ਤੀ ਅਤੇ ਸਾਵਧਾਨੀ ਨਾਲ ਇੰਨ-ਬਿੰਨ ਲਾਗੂ ਰਹਿਣਗੀਆਂ।
ਹੁਨਰ ਵਿਕਾਸ ਕੇਂਦਰ ਅਤੇ ਯੂਨੀਵਰਸਿਟੀਆਂ ਨੂੰ ਸਟਾਫ ਅਤੇ ਵਿਦਿਆਰਥੀਆਂ ਲਈ ਖੋਲ੍ਹਣ ਦੀ ਆਗਿਆ ਹੋਵੇਗੀ, ਪਰ ਸ਼ਰਤ ਹੋਵੇਗੀ ਕਿ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਘੱਟੋ-ਘੱਟ ਇੱਕ ਡੋਜ਼ ਵੈਕਸੀਨੇਸ਼ਨ ਦੀ ਲਗਵਾਈ ਗਈ ਹੋਵੇ।
ਬਾਰ, ਪੱਬ ਅਤੇ ਅਹਾਤਿਆਂ ਨੂੰ 50 ਫੀਸਦੀ ਸਮੱਰਥਾ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ, ਪ੍ਰੰਤੂ ਸਮਾਜਿਕ/ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਅਤੇ ਵੇਟਰਾਂ//ਹੋਰ ਕਰਮਚਾਰੀਆਂ ਵੱਲੋਂ ਘੱਟੋ-ਘੱਟ ਇੱਕ ਡੋਜ਼ ਵੈਕਸੀਨੇਸ਼ਨ ਦੀ ਲਗਵਾਉਣੀ ਲਾਜ਼ਮੀ ਹੋਵੇਗੀ।
ਇਸ ਤੋਂ ਇਲਾਵਾ, ਜਿਹੜੀਆਂ ਗਤੀਵਿਧੀਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਨਹੀਂ ਕੀਤਾ ਗਿਆ, ਉਨ੍ਹਾਂ ਗਤੀਵਿਧੀਆਂ ਨੂੰ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਤਹਿਤ ਆਗਿਆ ਹੋਵੇਗੀ।
ਸਾਰੇ ਸਬੰਧਤ ਅਧਿਕਾਰੀ ਜ਼ਿਲ੍ਹੇ ਵਿੱਚ ਭਾਰਤ ਸਰਕਾਰ/ਰਾਜ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਦਿਸ਼ਾ-ਨਿਰਦੇਸ਼ ਜਿਵੇਂ ਕਿ ਘੱਟੋ ਘੱਟ 6 ਫੁੱਟ ਦੀ ਸਮਾਜਿਕ/ਸਰੀਰਕ ਦੂਰੀ ਦੇ ਨਿਯਮ (ਦੋ ਗਜ਼ ਦੀ ਦੂਰੀ), ਕੋਵਿਡ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਤੇ ਜ਼ੁਰਮਾਨੇ ਲਗਾਉਣਾ ਜਿਵੇਂ ਮਾਸਕ ਨਾ ਪਹਿਨਣਾ ਅਤੇ ਜਨਤਕ ਥਾਵਾਂ ਤੇ ਥੁੱਕਣਾ ਆਦਿ ਨੂੰ ਲਾਗੂ ਕਰਵਾਉਣ ਦੇ ਪਾਬੰਦ ਹੋਣਗੇ ।
ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਆਪਦਾ ਪ੍ਰਬੰਧਨ ਕਾਨੂੰਨ 2005 ਦੀ ਧਾਰਾ 51 ਤੋਂ 60 ਦੇ ਅਨੁਸਾਰ ਅਤੇ ਆਈ. ਪੀ. ਸੀ. ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।