ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜਰੂਰੀ ਹੈ ਕੋਵਿਡ ਟੀਕਾਕਰਨ -ਸਿਵਲ ਸਰਜਨ
ਪਠਾਨਕੋਟ: 17 ਜੂਨ 2021 ਸਿਹਤ ਵਿਭਾਗ ਪਠਾਨਕੋਟ ਵੱਲੋਂ ਪੰਜਾਬ ਸਰਕਾਰ ਅਤੇ ਵਿਭਾਗੀ ਆਦੇਸਾਂ ਅਨੁਸਾਰ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਲਗਾਤਾਰ ਜਾਰੀ ਹੈ,ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਟੀਕਾਕਰਨ ਬਹੁਤ ਜਰੂਰੀ ਹੈ। ਇਹ ਪ੍ਰਗਟਾਵਾ ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਕੀਤਾ। ਉਹਨਾਂ ਜਿਲ੍ਹਾ ਪਠਾਨਕੋਟ ਦੇ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਦਾਇਤਾਂ ਅਨੁਸਾਰ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਅਤੇ ਜ਼ਰੂਰੀ ਹਦਾਇਤਾਂ ਜਿਵੇਂ ਕਿ ਸਮਾਜਿਕ ਦੂਰੀ ਕਾਇਮ ਰੱਖਣ, ਸਹੀ ਤਰੀਕੇ ਨਾਲ ਮਾਸਕ ਪਾਉਣ ਅਤੇ ਸਮੇ ਸਮੇ ਤੇ ਸਾਬਣ ਪਾਣੀ ਨਾਲ ਹੱਥ ਧੋਣ ਤਾਂ ਕਿ ਕੋਵਿਡ ਫੈਲਣ ਤੋਂ ਰੋਕਿਆ ਜਾ ਸਕੇ ਅਤੇ ਇਸ ਮਹਾਂਮਾਰੀ ਤੇ ਫਤਿਹ ਪਾਈ ਜਾ ਸਕੇ।
ਡਾ. ਹਰਵਿੰਦਰ ਸਿੰਘ ਸਿਵਲ ਸਰਜਨ ਪਠਾਨਕੋਟ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਵਿਡ ਵੈਕਸੀਨ ਦੀ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੈ। ਇਸ ਲਈ ਵੱਧ ਤੋਂ ਵੱਧ ਲੋਕ ਆਪਣੇ ਘਰਾਂ ਦੇ ਨਜ਼ਦੀਕ ਮੌਜੂਦ ਟੀਕਾਕਰਨ ਸਥਾਨ ਤੇ ਜਾ ਕੇ ਮੁਫ਼ਤ ਵਿੱਚ ਕੋਵਿਡ ਵੈਕਸੀਨ ਟੀਕਾਕਰਨ ਦਾ ਲਾਭ ਲੈ ਸਕਦੇ ਹਨ । ਉਨ੍ਹਾਂ ਦੱਸਿਆ ਕਿ ਜਿਆਦਾਤਰ ਲੋਕ ਝੂਠੀਆਂ ਅਫਵਾਹਾਂ ਵਿੱਚ ਆ ਜਾਂਦੇ ਹਨ ਅਤੇ ਕਰੋਨਾ ਤੋਂ ਬਚਾਓ ਲਈ ਵੈਕਸੀਨ ਨਹੀਂ ਲਗਵਾਉਂਦੇ ਅਜਿਹੇ ਲੋਕਾਂ ਨੂੰ ਬਾਅਦ ਵਿੱਚ ਪ੍ਰੇਸਾਨੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਗਰ ਆਪ ਨਿਰਧਾਰਤ ਨਿਯਮਾਂ ਨੂੰ ਧਿਆਨ ਵਿੱਚ ਰੱਖਕੇ ਕਰੋਨਾ ਤੋਂ ਬਚਾਓ ਲਈ ਟੀਕਾਕਰਨ ਕਰਵਾਉਂਦੇ ਹੋ ਅਤੇ ਹੋਰ ਲੋਕਾਂ ਨੂੰ ਵੀ ਵੈਕਸੀਨ ਲਗਵਾਉਂਣ ਲਈ ਜਾਗਰੁਕ ਕਰਦੇ ਹੋ ਤਾਂ ਇਹ ਸਭ ਤੋਂ ਵੱਡੀ ਸੇਵਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸਾਂ ਦੀ ਪਾਲਣਾ ਕਰਕੇ ਅਸੀਂ ਇੱਕ ਵਾਰ ਫਿਰ ਤੋਂ ਮਿਸ਼ਨ ਨੂੰ ਫਤਿਹ ਕਰਦਿਆਂ ਕਰੋਨਾ ਨੂੰ ਮਾਤ ਦੇਣੀ ਹੈ ਅਤੇ ਇਹ ਤੱਦ ਹੀ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਮਿਲਕੇ ਅੱਗੇ ਆਵਾਂਗੇ।