ਕੋਵਿਡ ਤੋਂ ਬਚਾਅ ਲਈ ਹੁਣ ਤੱਕ 80 ਹਜ਼ਾਰ ਤੋਂ ਵੀ ਵੱਧ ਨਾਗਰਿਕਾਂ ਦਾ ਹੋਇਆ ਟੀਕਾਕਰਨ
ਮਾਨਸਾ, 16 ਜੂਨ:
ਜ਼ਿਲ੍ਹਾ ਮਾਨਸਾ ਵਿਖੇ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹੈ ਪਰ ਸਮੂਹ ਨਾਗਰਿਕਾਂ ਦੀ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਿਹਤ ਸਾਵਧਾਨੀਆਂ ਦੀ ਪਾਲਣਾ ਵਿੱਚ ਲਾਪਰਵਾਹੀ ਨਾ ਵਰਤਣ ਤਾਂ ਜੋ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਵਿੱਚ ਮੁੜ ਵਾਧਾ ਨਾ ਹੋ ਸਕੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਵਿਡ ਦੀ ਮੌਜੂਦਾ ਸਥਿਤੀ ਅਤੇ ਸਿਹਤ ਨਾਲ ਸਬੰਧਤ ਹੋਰ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸਮੀਖਿਆ ਮੀਟਿੰਗ ਦੌਰਾਨ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਸ਼ਨ ਫ਼ਤਿਹ 2.0 ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਲਗਾਤਾਰ ਉਪਰਾਲੇ ਜਾਰੀ ਰੱਖੇ ਜਾਣ ਤਾਂ ਜੋ ਕੋਰੋਨਾ ਬਾਰੇ ਲੋਕ ਲਗਾਤਾਰ ਸੁਚੇਤ ਰਹਿਣ ਅਤੇ ਇਸ ਦੀ ਰੋਕਥਾਮ ਲਈ ਪਿੰਡਾਂ ਤੇ ਸ਼ਹਿਰੀ ਖੇਤਰਾਂ ਵਿੱਚ ਲਗਾਤਾਰ ਸੈਂਪÇਲੰਗ ਤੇ ਵੈਕਸੀਨੇਸ਼ਨ ਕੈਂਪਾਂ ਦਾ ਆਯੋਜਨ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਤੱਕ 80 ਹਜ਼ਾਰ ਤੋਂ ਵੱਧ ਲੋਕਾਂ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਹੋ ਚੁੱਕਾ ਹੈ ਅਤੇ ਸਿਹਤ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਟੀਕਾਕਰਨ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ 18 ਸਾਲ ਤੋਂ ਵੱਧ ਉਮਰ ਦੇ ਸਾਰੇ ਵਸਨੀਕਾਂ ਦਾ ਟੀਕਾਕਰਨ ਜ਼ਰੂਰ ਕੀਤਾ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਸੈਂਪÇਲੰਗ ਦੀ ਗਿਣਤੀ ਢਾਈ ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਸੈਂਪÇਲੰਗ ਲਈ ਲੋਕਾਂ ਨੂੰ ਵਧ ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਇਸ ਬਾਰੇ ਸਹੀ ਜਾਣਕਾਰੀ ਹੋਣੀ ਬੇਹੱਦ ਜ਼ਰੂਰੀ ਹੈ।
ਇਸ ਦੌਰਾਨ ਏ.ਡੀ.ਸੀ ਨੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਨਿਯਮਤ ਤੌਰ ’ਤੇ ਵੱਖ ਵੱਖ ਬਿਮਾਰੀਆਂ ਦੀ ਰੋਕਥਾਮ ਲਈ ਚਲਾਏ ਜਾ ਰਹੇ ਟੀਕਾਕਰਨ ਅਭਿਆਨ ਦੀ ਪ੍ਰਗਤੀ, ਨਸ਼ਾ ਮੁਕਤੀ ਅਤੇ ਮੁੜ ਵਸੇਬਾ ਅਭਿਆਨ, ਕੌਮੀ ਸਿਹਤ ਮਿਸ਼ਨ ਦੀਆਂ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀ ਸਥਿਤੀ, ਸਰਬਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਦੀ ਜਾਗਰੂਕਤਾ ਹਿੱਤ ਕੀਤੇ ਜਾ ਰਹੇ ਯਤਨਾਂ, ਬਰਸਾਤੀ ਮੌਸਮ ਕਾਰਨ ਪੈਦਾ ਹੁੰਦੀਆਂ ਮਲੇਰੀਆ, ਚਿਕਨਗੁਨੀਆਂ, ਡੇਂਗੂ ਆਦਿ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਵਿੱਚ ਜਾਇਜ਼ਾ ਵੀ ਲਿਆ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ:
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਸਿਹਤ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।