ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਬੇਹੱਦ ਕੀਤੀ ਜਾਵੇ – ਐੱਸ.ਐੱਮ.ਓ. ਭੁੱਲਰ
ਬਟਾਲਾ, 13 ਜੁਲਾਈ 2021 : ਪੀ.ਐੱਚ.ਸੀ. ਭੁੱਲਰ ਦੇ ਐੱਸ.ਐੱਮ.ਓ. ਡਾ. ਵਿਕਰਮਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਤੋਂ ਬਚਣ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਾਜ਼ਮੀ ਤੌਰ ’ਤੇ ਕਰਨ। ਉਨਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਲੋਕਾਂ ਵਲੋਂ ਮਾਸਕ ਲਗਾਉਣ ਵਿੱਚ ਅਣਗਿਜਲੀ ਵਰਤੀ ਜਾ ਰਹੀ ਅਤੇ ਨਾ ਹੀ ਲੋਕ ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕਰ ਰਹੇ ਹਨ, ਜੋ ਕਿ ਬਿਮਾਰੀ ਨੂੰ ਸੱਦਾ ਦੇਣ ਵਾਲੀ ਗੱਲ ਹੈ।
ਡਾ. ਵਿਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਨਾਂ ਦੀ ਪਾਲਣੀ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ 18 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਅਤੇ ਨਾਲ ਹੀ ਕੋਵਿਡ ਤੋਂ ਬਚਣ ਦੀ ਸਾਵਧਾਨੀਆਂ ਜਿਨਾਂ ਵਿੱਚ ਮਾਸਕ ਲਗਾਉਣਾ, ਭੀੜ ਵਿੱਚ ਨਾ ਜਾਣਾ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ।
ਐੱਸ.ਐੱਮ.ਓ. ਭੁੱਲਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਰੋਨਾ ਬਿਮਾਰੀ ਦੇ ਲੱਛਣ ਜਿਵੇਂ ਬੁਖਾਰ, ਜੁਕਾਮ, ਖੰਘ ਤੇ ਸਾਹ ਦਾ ਚੜਨਾ ਅਤੇ ਸਰੀਰ ਦਰਦ ਹੋਵੇ ਤਾਂ ਕੋਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਪਾਜਟਿਵ ਆਉਂਦਾ ਹੈ ਤਾਂ ਗੰਭੀਰ ਲੱਛਣ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕਰਕੇ ਉਸਦਾ ਇਲਾਜ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਕੋਰੋਨਾ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਮੈਡੀਕਲ ਹੈਲਪ ਨੰਬਰ 104 ਡਾਇਲ ਕੀਤਾ ਜਾ ਸਕਦਾ ਹੈ।