ਕੋਰੋਨਾ ਦੇ ਕੇਸ ਘਟੇ ਜਰੂਰ ਹਨ ਪਰ ਕੋਰੋਨਾ ਖਤਮ ਨਹੀਂ ਹੋਇਆ, ਇਸ ਲਈ ਸਾਵਧਾਨੀ ਬੇਹੱਦ ਜਰੂਰੀ – ਡਾ. ਹਰਪਾਲ ਸਿੰਘ
ਬਟਾਲਾ, 10 ਜੂਨ 2021 – ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਕਾਰਜਕਾਰੀ ਐੱਸ.ਐੱਮ.ਓ. ਡਾ. ਹਰਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰਨ। ਉਨ੍ਹਾਂ ਕਿਹਾ ਕਿ ਭਾਂਵੇ ਪਿਛਲੇ ਕੁਝ ਸਮੇਂ ਦੌਰਾਨ ਕਰੋਨਾ ਦੇ ਕੇਸਾਂ ਵਿਚ ਕਮੀ ਆਈ ਹੈ ਪਰ ਕਰੋਨਾ ਅਜੇ ਖਤਮ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਮਾਸਕ ਲਗਾਈਏ, ਸਮਾਜਿਕ ਦੂਰੀ ਅਤੇ ਵਾਰ ਵਾਰ ਹੱਥ ਧੋਣਾ ਜਾ ਸੈਨੀਟਾਈਜ਼ਰ ਦਾ ਪ੍ਰਯੋਗ ਕਰਨਾ ਯਕੀਨੀ ਬਣਾਈ ਰੱਖੀਏ ਤਾਂ ਇਸ ਮਹਾਂਮਾਰੀ ’ਤੇ ਅਸਾਨੀ ਨਾਲ ਕਾਬੂ ਪਾਇਆ ਜਾ ਸਕਦਾ ਹੈ।
ਡਾ. ਹਰਪਾਲ ਸਿੰਘ ਨੇ ਕਿਹਾ ਕਿ ਕਰੋਨਾ ਦੇ ਕੇਸਾਂ ਵਿਚ ਕਮੀ ਆਉਣ ਦਾ ਇਕ ਬਹੁਤ ਵੱਡਾ ਯੋਗਦਾਨ ਟੀਕਾਕਰਨ ਦਾ ਹੈ। ਇਸ ਕਰਕੇ ਜਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਟੀਕਾਕਰਨ ਕਰਾਉਣ ਲਈ ਆਪ ਅੱਗੇ ਆਈਏ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰੀਏ। ਉਨ੍ਹਾਂ ਕਿਹਾ ਕਿ ਵੈਕਸੀਨ ਲਗਾਉਣ ਨਾਲ ਅਸੀਂ ਆਪਣੇ ਆਪ ਅਤੇ ਸਮਾਜ ਨੂੰ ਕਰੋਨਾ ਮਹਾਮਾਰੀ ਤੋ ਬਚਾਉਣ ਵਿਚ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਇਸ ਕਰਕੇ ਕਿਸੇ ਵੀ ਕਿਸਮ ਦੇ ਵਹਿਮ ਭਰਮ ਤੋ ਓਪਰ ਉੱਠ ਕੇ ਵੈਕਸੀਨ ਲਗਵਾਕੇ ਇਕ ਜ਼ਿੰਮੇਵਾਰ ਸ਼ਹਿਰੀ ਦਾ ਸਬੂਤ ਦਿੱਤਾ ਜਾਵੇ।