ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਜਾਣ : ਡਿਪਟੀ ਕਮਿਸ਼ਨਰ
ਫ਼ਤਹਿਗੜ੍ਹ ਸਾਹਿਬ, 07 ਜੁਲਾਈ 2021 : ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨਾਲ ਨਜਿੱਠਣ ਲਈ ਜਿ਼ਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਪੁਖਤਾ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਤਾਂ ਜੋ ਕੋਰੋਨਾ ਦੇ ਕਿਸੇ ਮਰੀਜ਼ ਨੂੰ ਜਿ਼ਲ੍ਹੇ ਤੋਂ ਬਾਹਰ ਰੈਫਰ ਕਰਨ ਦੀ ਲੋੜ ਨਾ ਪਵੇ। ਇਹ ਹਦਾਇਤਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਦੀ ਸੰਭਾਵੀ ਲਹਿਰ ਪਹਿਲੀ ਅਤੇ ਦੂਜੀ ਲਹਿਰ ਨਾਲੋਂ ਵਧੇਰੇ ਖਤਰਨਾਕ ਹੋ ਸਕਦੀ ਹੈ ਇਸ ਲਈ ਜਿ਼ਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਮਰੀਜਾਂ ਦਾ ਇਲਾਜ ਕਰਨ ਲਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਸਬੰਧੀ ਜਿ਼ਲ੍ਹਾ ਹਸਪਤਾਲ ਵਿੱਚ ਮਰੀਜਾਂ ਦੇ ਇਲਾਜ ਲਈ ਵੱਖਰਾ ਆਈ.ਸੀ.ਯੂ. ਵਾਰਡ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਆਸ਼ਾ ਵਰਕਰਾਂ ਨੂੰ ਦਿੱਤੇ ਥਰਮਾਂਮੀਟਰ ਤੇ ਓਕਸੀ ਮੀਟਰ ਚਾਲੂ ਹਾਲ ਵਿੱਚ ਹੋਣੇ ਯਕੀਨੀ ਬਣਾਏ ਜਾਣ ਅਤੇ ਇਸ ਸਬੰਧੀ ਆਸ਼ਾ ਵਰਕਰਾਂ ਤੋਂ ਲਿਖਤੀ ਤੌਰ ’ਤੇ ਵੀ ਲਿਆ ਜਾਵੇ ਕਿ ਸਾਰਾ ਸਮਾਨ ਚਾਲੂ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮਜ਼ ਇਸ ਨੂੰ ਨਿੱਜੀ ਤੌਰ ’ਤੇ ਚੈਕ ਕਰਨਾ ਯਕੀਨੀ ਬਣਾਉਣਗੇ।
ਸ਼੍ਰੀਮਤੀ ਸੁਰਭੀ ਮਲਿਕ ਨੇ ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੂੰ ਕਿਹਾ ਕਿ ਜਿ਼ਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਲੋੜੀਂਦੇ ਬੈਡ, ਦਵਾਈਆਂ, ਪੀ.ਪੀ. ਕਿੱਟਾਂ ਤੇ ਆਕਸੀਜ਼ਨ ਸਮੇਤ ਹੋਰ ਸਾਜੋ ਸਮਾਨ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਸਟਾਫ ਦੀ ਘਾਟ ਹੈ ਉਸ ਸਬੰਧੀ ਸਰਕਾਰ ਨੂੰ ਡਿਮਾਂਡ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹੇ ਵਿੱਚ ਪੈਂਦੇ ਸਮੂਹ ਤਕਨੀਕੀ ਕਾਲਜ਼ਾਂ ਤੇ ਆਈ.ਟੀ.ਆਈਜ਼ ਦੇ ਅਧਿਆਪਕਾਂ ’ਤੇ ਵਿਦਿਆਰਥੀਆਂ ਦਾ 100 ਫੀਸਦੀ ਟੀਕਾਕਰਨ ਕੀਤਾ ਜਾਵੇ ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਦਿਆਲ ਸਿੰਘ ਚੱਠਾ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਅਮਲੋਹ ਸ਼੍ਰੀ ਆਨੰਦ ਸਾਗਰ, ਐਸ.ਡੀ.ਐਮ. ਬਸੀ ਪਠਾਣਾ ਸ਼੍ਰੀ ਯਸ਼ਪਾਲ ਸ਼ਰਮਾ, ਐਸ.ਡੀ.ਐਮ. ਖਮਾਣੋਂ ਦੀਪਜੋਤ ਕੌਰ, ਸਹਾਇਕ ਕਮਿਸ਼ਨਰ ਸਿਖਲਾਈ ਅਧੀਨ ਸ਼੍ਰੀ ਰਵਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਸਮੂਹ ਐਸ.ਐਮ.ਓਜ਼ ਅਤੇ ਹੋਰ ਅਧਿਕਾਰੀ ਹਾਜ਼ਰ ਸਨ।