ਕੈਬਨਿਟ ਮੰਤਰੀ ਨੇ ਪਿੰਡ ਡੱਲੇਵਾਲ, ਠਰੋਲੀ ਤੇ ਚੱਕ ਸਾਧੂ ਦੇ 101 ਲਾਭਪਾਤਰੀਆਂ ਨੂੰ ਦਿੱਤੇ ਗੈਸ ਕੁਨੈਕਸ਼ਨ
ਹੁਸ਼ਿਆਰਪੁਰ, 11 ਜੂਨ: ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਤੱਕ ਹਰ ਬੁਨਿਆਦੀ ਸੁਵਿਧਾਵਾਂ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹ ਪਿੰਡ ਚੱਕ ਸਾਧੂ ਵਿਖੇ ਪਨਕੈਂਪਾ ਸਕੀਮ ਤਹਿਤ ਤਿੰਨ ਪਿੰਡ ਡੱਲੇਵਾਲ, ਠਰੋਲੀ ਤੇ ਚੱਕ ਸਾਧੂ ਦੇ 101 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਪ੍ਰਦਾਨ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੈਸ ਕੁਨੈਕਸ਼ਨ ਮਿਲਣ ਨਾਲ ਲਾਭਪਾਤਰੀ ਪਰਿਵਾਰਾਂ ਦੇ ਘਰਾਂ ਵਿੱਚ ਲੱਕੜੀ ਦੇ ਜਗ੍ਹਾ ਗੈਸ ਰਾਹੀਂ ਘਰੇਲੂ ਕੰਮਕਾਜ ਕੀਤਾ ਜਾ ਸਕੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਣ ਵਿਭਾਗ ਦੀ ਵੁਡ ਸੇਵਿੰਗ ਕੁਕਿੰਗ ਐਂਪਲਾਇੰਸ ਸਕੀਮ (ਪਨਕੈਂਪਾ) ਤਹਿਤ ਇਹ ਕੁਨੈਕਸ਼ਨ ਦਿੱਤੇ ਗਏ ਹਨ, ਜਿਸ ਨਾਲ ਜਿਥੇ ਜੰਗਲਾਂ ਦੀ ਗੈਰ ਜ਼ਰੂਰੀ ਕਟਾਈ ਰੁਕੇਗੀ ਉਥੇ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਪਨਕੈਂਪਾ ਯੋਜਨਾ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਕੋਈ ਵੀ ਲਾਭਪਾਤਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਗਿਆ ਹੈ, ਤਾਂ ਉਸ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ।
ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਜਲਦ ਤੋਂ ਜਲਦ ਹੱਲ ਕਰਨ ਦਾ ਭਰੋੋਸਾ ਦਿਵਾਇਆ। ਇਸ ਮੌਕੇ ਵਣ ਮੰਡਲ ਅਫ਼ਸਰ ਅਮਨੀਤ ਸਿੰਘ, ਬੀ.ਡੀ.ਪੀ.ਓ. ਅਭੈ ਚੰਦਰ, ਸਰਪੰਚ ਹਰਜਿੰਦਰ ਕੌਰ, ਬਾਬਾ ਬਿਸ਼ਨ ਦਾਸ, ਦੇਹਾਤੀ ਕਾਂਗਰਸ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਠਰੋਲੀ ਸਰਬਜੀਤ ਸਿੰਘ, ਸਰਪੰਚ ਕੁਲਦੀਪ ਅਰੋੜਾ, ਸਰਪੰਚ ਤੇਜਿੰਦਰ ਸਿੰਘ, ਸਰਪੰਚ ਜੀਤ ਲਾਲ, ਜੇ.ਈ. ਸੰਦੀਪ ਗੌਤਮ, ਮਾਸਟਰ ਜੈ ਰਾਮ, ਕਰਨੈਲ ਸਿੰਘ, ਸਰਬਜੀਤ ਸਾਬੀ, ਮਲੂਕ ਚੰਦ, ਰਕਸ਼ਾ ਦੇਵੀ, ਮੰਜੂ ਬਾਲਾ, ਪ੍ਰੀਤੀ, ਜਸਵਿੰਦਰ ਕੌਰ, ਹਰਜੀਤ ਕੌਰ ਆਦਿ ਵੀ ਮੌਜੂਦ ਸਨ।