ਕਰੋਨਾ ਤੇ ਜਿੱਤ ਪ੍ਰਾਪਤ ਕਰਨ ਲਈ ਸੈਂਪਲਿੰਗ ਤੇ ਵੈਕਸੀਨੇਸ਼ਨ ਕੈਂਪ ਜਾਰੀ – ਐਸ.ਡੀ.ਐਮ
ਫਾਜ਼ਿਲਕਾ, 15 ਜੂਨ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਦੀ ਅਗਵਾਈ ਹੇਠ ਕਰੋਨਾ ਤੇ ਜਿੱਤ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੀ ਸਬ-ਡਵੀਜ਼ਨ ਫਾਜ਼ਿਲਕਾ ਵਿੱਚ ਵੱਖ-ਵੱਖ ਥਾਵਾਂ `ਤੇ ਕਰੋਨਾ ਟੈਸਟਿੰਗ ਅਤੇ ਵੈਕਸੀਨੇਸ਼ਨ ਦੇ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਗਰੀਬ ਲੋਕਾਂ ਨੂੰ ਲੋੜ ਮੁਤਾਬਕ ਕਣਕ ਦੀ ਵੰਡ ਵੀ ਕੀਤੀ ਜਾ ਰਹੀ ਹੈ।
ਐਸ.ਡੀ.ਐਮ ਸ੍ਰੀ ਗੋਇਲ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਫਾਜ਼ਿਲਕਾ, ਸਜਰਾਣਾ, ਆਸਫਵਾਲਾ ਅਤੇ ਮੌਜਮ ਵਿਖੇ ਸੈਂਪਲਿੰਗ ਕੈਂਪ ਲਗਾਇਆ ਗਿਆ ਅਤੇ ਅਰਨੀਵਾਲਾ ਸ਼ੇਖ ਸ਼ੁਭਾਨ, ਸਰਕਾਰੀ ਸਕੂਲ ਫਾਜ਼ਿਲਕਾ ਅਤੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।ਇਨ੍ਹਾਂ ਕੈਂਪਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਅਤੇ ਟੀਕਾਕਰਨ ਵੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੜਾਅ ਵਾਰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਯੋਗ ਵਿਅਕਤੀ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਤੇ ਵੈਕਸੀਨੇਸ਼ਨ ਕਰੋਨਾ ਦੇ ਫੈਲਾਅ ਨੂੰ ਰੋਕਣ ਵਿਚ ਕਾਰਗਰ ਸਿੱਧ ਹੋ ਰਹੀ ਹੈ।ਐਸ.ਡੀ.ਐਮ. ਨੇ ਕਿਹਾ ਕਿ ਕੈਂਪ ਲਗਾਉਣ ਦਾ ਮੰਤਵ ਕਰੋਨਾ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੈਸਟਿੰਗ ਹੋਣ ਨਾਲ ਇਸ ਦਾ ਫੈਲਾਅ ਰੁਕ ਜਾਂਦਾ ਹੈ ਤੇ ਇਸ ਦਾ ਖਤਰਾ ਵੀ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਮੇਂ ਸਿਰ ਟੈਸਟਿੰਗ ਜ਼ਰੂਰੀ ਹੈ ਉਥੇ ਵੈਕਸੀਨੇਸ਼ਨ ਵੀ ਬਹੁਤ ਲਾਜਮੀ ਹੈ।
ਐਸ.ਡੀ.ਐਮ. ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਗਰੀਬ ਲੋਕਾਂ ਨੂੰ ਕਣਕ ਦੀ ਵੰਡ ਲੋੜ ਅਨੁਸਾਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਫਾਜ਼ਿਲਕਾ ਵਿੱਚ ਅਰਨੀਵਾਲਾ, ਚਿਮਨੇਵਾਲਾ, ਅਲਿਆਣਾ, ਮਾਹੂੰਆਣਾ ਬੋਦਲਾ, ਫਾਜ਼ਿਲਕਾ, ਆਰਿਆ ਨਗਰ ਅਤੇ ਮਹਾਤਮ ਨਗਰ ਵਿਖੇ ਗਰੀਬਾਂ ਨੂੰ ਕਣਕ ਦੀ ਵੰਡ ਕੀਤੀ ਗਈ ਹੈ।