ਕਰਮਚਾਰੀਆਂ ਨੇ ਪੇਅ ਕਮਿਸ਼ਨ ਦੀ ਰਿਪੋਰਟ ਅਤੇ ਬਿਲਾਂ ਦਾ ਖਰੜਾ ਸਾੜਕੇ ਕੀਤਾ ਪ੍ਰਦਰਸ਼ਨ
ਫਾਜ਼ਿਲਕਾ, 5 ਜੁਲਾਈ 2021 : ਯੂਨੀਅਨ ਫਾਜ਼ਿਲਕਾ ਵੱਲੋਂ ਅੱਜ ਜ਼ਿਲ੍ਹਾ ਪੱਧਰ ’ਤੇ ਰੋਸ ਧਰਨਾ ਦੇਕੇ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਸਮੇਤ ਬਿਲਾਂ ਦਾ ਖਰੜਾ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਫਕੀਰ ਚੰਦ ਨੇ ਕੀਤੀ।
ਧਰਨੇ ਦੌਰਾਨ ਕਰਮਚਾਰੀਆਂ ਨੇ ਪੰਜਾਬ ਸਰਕਾਰ ਅਤੇ 6ਵੇਂ ਪੇਅ ਕਮਿਸ਼ਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ 6ਵੇਂ ਪੇਅ ਕਮਿਸ਼ਨ ’ਚ ਮੁਲਾਜ਼ਮਾਂ ਨੂੰ ਬਹੁਤ ਵੱਡਾ ਘਾਟਾ ਅਤੇ ਖੋਰਾ ਲਗਾਇਆ ਗਿਆ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਪੁਨਰਗਠਨ ਵਾਪਸ ਕੀਤਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਯੂ.ਟੀ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਪੰਜਾਬ ਭਰ ’ਚ ਜ਼ਿਲ੍ਹਾ ਪੱਧਰ ’ਤੇ ਹੜ੍ਹਤਾਲ ਕਰਕੇ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਪਰਵੀਨ ਕੁਮਾਰ ਸਕੱਤਰ, ਹਰਭਜਨ ਸਿੰਘ ਖੁੰਗਰ ਜਿਲ੍ਹਾ ਸਰਪਰਸਤ, ਜਗਜੀਤ ਸਿੰਘ ਪ੍ਰਧਾਨ ਡੀ.ਸੀ. ਦਫਤਰ ਯੂਨੀਅਨ, ਰੋਹਿਤ ਸੇਤੀਆ, ਪਵਨ ਕੁਮਾਰ, ਮੋਹਨ ਲਾਲ, ਰਾਹੁਲ ਕੁਮਾਰ, ਮਤਿੰਦਰਪਾਲ ਸਿੰਘ, ਅਮਰਜੀਤ ਸਿੰਘ, ਅੰਕਿਤ ਕੁਮਾਰ ਅਮ੍ਰਿਤਪਾਲ ਕੌਰ, ਅਜੈ ਕੰਬੋਜ, ਸੰਦੀਪ ਕੁਮਾਰ, ਸੁਰਿੰਦਰ ਪਾਲ ਸਿੰਘ, ਸੁਖਦੇਵ ਚੰਦ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਹਾਜ਼ਰ ਸਨ।