ਐੱਸ.ਐੱਸ.ਪੀ. ਬਟਾਲਾ ਨੇ ਹਰੀ ਝੰਡੀ ਦਿਖਾ ਕੇ ਜਾਗਰੂਕਤਾ ਬੱਸ ਨੂੰ ਰਵਾਨਾ ਕੀਤਾ
ਬਟਾਲਾ, 4 ਜੂਨ 2021 – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਛੁਡਾਊ ਮੁਹਿੰਮ ਵਿੱਚ ਸਾਥ ਦਿੰਦਿਆਂ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਬਟਾਲਾ ਵੱੱਲੋਂ ਅੱਜ ਇੱਕ ਵਿਸ਼ੇਸ਼ ਜਾਗਰੂਕਤਾ ਬੱਸ ਚਲਾਈ ਗਈ। ਇਸ ਜਾਗਰੂਕਤਾ ਬੱਸ ਨੂੰ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਸ਼੍ਰੀ ਆਸ਼ੀਸ਼ ਪ੍ਰਭਾਕਰ, ਡੀ.ਅਐੱਸ.ਪੀ. ਪਰਵਿੰਦਰ ਕੌਰ, ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਡਾ. ਸੰਜੀਵ ਕੁਮਾਰ ਭੱਲਾ, ਸ੍ਰੀ ਵਰਿੰਦਰ ਪ੍ਰਭਾਕਰ, ਐੱਸ.ਐੱਚ.ਓ. ਸਿਵਲ ਲਾਈਨ ਅਮੋਲਕ ਸਿੰਘ, ਡਾ. ਕੇ.ਵੀ. ਭਾਸਕਰ, ਕੌਂਸਲਰ ਸੁਮਨ ਕੁਮਾਰੀ, ਗੁਰਸ਼ਿੰਦਰ ਸਿੰਘ, ਸੁਖਜੀਤ ਸਿੰਘ ਵੀ ਮੌਜੂਦ ਸਨ।
ਜਾਗਰੂਕਤਾ ਬੱਸ ਨੂੰ ਰਵਾਨਾ ਕਰਨ ਮੌਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਨੇ ਕਿਹਾ ਕਿ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਵੱੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਇਹ ਬੱਸ ਪਿੰਡ-ਪਿੰਡ ਪਹੁੰਚ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਲਈ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਬਟਾਲਾ ਪੁਲਿਸ ਨਸ਼ਿਆਂ ਦੀ ਰੋਕਥਾਮ ਲਈ ਬਹੁਤ ਸਿਰੜ ਨਾਲ ਕੰਮ ਕਰ ਰਹੀ ਹੈ ਅਤੇ ਬੀਤੇ ਸਮੇਂ ਵਿੱਚ ਬਟਾਲਾ ਪੁਲਿਸ ਨੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਫੜ੍ਹ ਕੇ ਮਨੁੱਖਤਾ ਵਿਰੋਧੀ ਇਸ ਧੰਦੇ ਨੂੰ ਠੱਲ ਪਾਈ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਸ਼ਿਆਂ ਵਿਰੁਧ ਲਾਮਬੱਧ ਕਰਕੇ ਅਤੇ ਲੋਕ ਲਹਿਰ ਖੜ੍ਹੀ ਕਰਕੇ ਇਸ ਸਮਾਜਿਕ ਬੁਰਾਈ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਵੱੱਲੋਂ ਅਰੰਭੀ ਗਈ ਇਸ ਜਾਗਰੂਕਤਾ ਮੁਹਿੰਮ ਦੀ ਸਰਾਹਨਾ ਕੀਤੀ।
ਇਸ ਮੌਕੇ ਸੰਜੀਵਨੀ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਸ਼੍ਰੀ ਆਸ਼ੀਸ਼ ਪ੍ਰਭਾਕਰ ਨੇ ਦੱਸਿਆ ਕਿ ਆਮ ਤੌਰ ਤੇ ਲੋਕਾਂ ਨੂੰ ਨਸ਼ੇ ਦੇ ਇਲਾਜ ਦੀ ਜਾਣਕਾਰੀ ਨਹੀਂ ਹੈ। ਲੋਕ ਸੋਚਦੇ ਹਨ ਕਿ ਨਸ਼ਾ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਿਨਾਂ ਨਹੀਂ ਛੱਡਿਆ ਜਾ ਸਕਦਾ, ਪਰ ਨਸ਼ਾ ਹਸਪਤਾਲ ਵਿਚ ਦਾਖ਼ਲ ਹੋਣ ਤੋਂ ਬਿਨਾਂ ਵੀ ਛੱਡਿਆ ਜਾ ਸਕਦਾ ਹੈ। ਜਰੂਰਤ ਸਿਰਫ ਮਾਹਿਰ ਡਾਕਟਰਾਂ ਤੇ ਕੌਂਸਲਰ ਦੀ ਸਲਾਹ ਦੀ ਹੁੰਦੀ ਹੈ। ਦ੍ਰਿੜ ਇੱਛਾ ਸ਼ਕਤੀ, ਸਹੀ ਸਲਾਹ ਅਤੇ ਡਾਕਟਰੀ ਇਲਾਜ ਨਾਲ ਨਸ਼ਾ ਅਸਾਨੀ ਨਾਲ ਛੱਡਿਆ ਜਾ ਸਕਦਾ ਹੈ।
ਆਸ਼ੀਸ਼ ਪ੍ਰਭਾਕਰ ਨੇ ਦੱਸਿਆ ਕਿ ਇਹ ਜਾਗਰੂਕਤਾ ਬੱਸ ਪੁਲਿਸ ਜ਼ਿਲ੍ਹਾ ਬਟਾਲਾ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਮੌਕੇ ਨਸ਼ਾ ਛੁਡਾਊ ਕੇਂਦਰ ਦੀ ਟੀਮ ਵੱਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਵੀ ਜਾਗਰੂਕ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਮੁਫ਼ਤ ਮਾਸਕ ਅਤੇ ਇਮਊਨਿਟੀ ਬੂਸਟਰ ਦਵਾਈਆਂ ਵੀ ਵੰਡੀਆਂ ਜਾਣਗੀਆਂ।