ਐਨ.ਜੀ.ਓ. ਇੰਡੀਆ ਕੋਵਿਡ ਐਸ.ਓ.ਐਸ. ਵੱਲੋਂ ਐਲ-3 ਮਰੀਜਾਂ ਲਈ ਸਿਹਤ ਵਿਭਾਗ ਨੂੰ 50 ਨਾਨ-ਇਨਵੇਜ਼ਿਵ ਬਾਇਪੈਪ ਵੈਂਟੀਲੇਟਰ ਭੇਟ
ਸਮਾਣਾ, 19 ਜੂਨ:
ਇੰਡੋ-ਅਮੈਰਿਕਨ ਡਾਕਟਰਾਂ ‘ਤੇ ਅਧਾਰਤ ਸਮਾਜ ਸੇਵੀਆਂ ਵੱਲੋਂ ਬਣਾਈ ਐਨ.ਜੀ.ਓ. ਇੰਡੀਆ ਕੋਵਿਡ ਐਸ.ਓ.ਐਸ. ਨੇ ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਲੜੀ ਜਾ ਰਹੀ ਜੰਗ ‘ਚ ਆਪਣਾ ਹਿੱਸਾ ਪਾਉਂਦਿਆਂ ਸਮਾਣਾ ਦੇ ਵਿਧਾਇਕ ਸ. ਰਾਜਿੰਦਰ ਸਿੰਘ ਅਤੇ ਉਨ੍ਹਾਂ ਦੀ ਸਪੁੱਤਰੀ ਬੀਬਾ ਰੁਕਮਨ ਸਿੰਘ ਦੀ ਪ੍ਰੇਰਣਾ ਸਦਕਾ ਸਿਹਤ ਵਿਭਾਗ ਨੂੰ 50 ਨਾਨ ਇਨਵੇਜ਼ਿਵ ਬਾਇਪੈਪ ਵੈਂਟੀਲੇਰ ਕਿੱਟਾਂ ਭੇਟ ਕੀਤੀਆਂ ਹਨ।
ਸਮਾਣਾ ਦੇ ਸਿਵਲ ਹਸਪਤਾਲ ਵਿਖੇ ਕਰਵਾਏ ਇੱਕ ਸਮਾਰੋਹ ਦੌਰਾਨ ਇੰਡੀਆ ਕੋਵਿਡ ਐਸ.ਓ.ਐਸ. ਦੇ ਵਲੰਟੀਅਰਾਂ ਨੇ ਕੋਵਿਡ ਦੇ ਲੈਵਲ-3 ਮਰੀਜਾਂ ਦੀ ਸੰਭਾਲ ਲਈ ਵਰਤੀਆਂ ਜਾਣ ਵਾਲੀਆਂ ਇਹ ਵੈਂਟੀਲੇਟਰ ਕਿੱਟਾਂ ਐਮ.ਐਲ.ਏ. ਰਾਜਿਦਰ ਸਿੰਘ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਨਮਨ ਮੜਕਨ, ਸਿਵਲ ਸਰਜਨ ਡਾ. ਸਤਿੰਦਰ ਸਿੰਘ ਤੇ ਐਸ.ਐਮ.ਓ. ਡਾ. ਕਰਮਜੀਤ ਸਿੰਘ ਨੂੰ ਸੌਂਪੀਆਂ।
ਇਸ ਮੌਕੇ ਸ. ਰਜਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਅੰਦਰ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਮਿਸ਼ਨ ਫ਼ਤਹਿ ਦਾ ਆਗਾਜ਼ ਕਰਦਿਆਂ ਸੂਬਾ ਨਿਵਾਸੀਆਂ ਨੂੰ ਬਿਹਤਰ ਇਲਾਜ ਸਹੂਲਤਾਂ, ਦਵਾਈਆਂ ਅਤੇ ਆਕਸੀਜਨ ਦੀ ਕੋਈ ਘਾਟ ਨਹੀਂ ਆਉਣ ਦਿੱਤੀ, ਉਥੇ ਹੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਰਕਾਰ ਨਾਲ ਕੀਤਾ ਗਿਆ ਸਹਿਯੋਗ ਬਹੁਤ ਸ਼ਲਾਘਾਯੋਗ ਹੈ।
ਵਿਧਾਇਕ ਨੇ ਐਨ.ਜੀ.ਓ. ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇੰਡੀਆ ਕੋਵਿਡ ਐਸ.ਓ.ਐਸ. ਨੂੰ ਚਲਾ ਰਹੇ ਡਾ. ਕੁਸਮ ਅੱਤਰੇ, ਸਿਮਰਤ ਸਿੰਘ, ਪ੍ਰੋ. ਮਨੂ ਪ੍ਰਕਾਸ਼ ਤੇ ਗੁਰਜਿੰਦਰ ਸਿੰਘ ਸਮੇਤ ਇਸ ਟੀਮ ਦੇ ਭਾਰਤ ਵਿਚਲੇ ਵਲੰਟੀਅਰਾਂ ਹਰਪ੍ਰੀਤ ਉਬਰਾਏ, ਰਮਿੰਦਰ ਉਬਰਾਏ, ਅਮਿਤ ਅਰੋੜਾ ਅਤੇ ਅਵਨੀਤ ਸਿੰਘ ਨਾਲ ਸੰਪਰਕ ਕਰਕੇ ਯੂ.ਐਸ. ‘ਚ ਪੜ੍ਹਾਈ ਕਰਨ ਵਾਲੀ ਉਨ੍ਹਾਂ ਦੀ ਸਪੁੱਤਰੀ ਬੀਬਾ ਰੁਕਮਨ ਸਿੰਘ ਨੇ ਪੰਜਾਬ ਦੇ ਸਿਹਤ ਵਿਭਾਗ ਲਈ ਇਹ ਵੈਂਟੀਲੇਟਰ ਭੇਟ ਕਰਵਾਏ ਹਨ।
ਸ. ਰਾਜਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਉਭਾਰ ਸਮੇਂ ਸਮਾਣਾ ਦੇ ਸਿਵਲ ਹਸਪਤਾਲ ‘ਚ ਨਗਰ ਕੌਂਸਲ ਅਤੇ ਅਗਰਵਾਲ ਧਰਮਸ਼ਾਲਾ ਦੀ ਮਦਦ ਨਾਲ ਤੁਰੰਤ 40 ਆਕਸੀਜਨ ਬੈਡ ਤਿਆਰ ਕਰਵਾਏ ਗਏ ਅਤੇ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਅਤੇ ਹੁਣ ਇੱਥੇ ਲੈਵਲ-3 ਸਹੂਲਤ ਵੀ ਉਪਲਬਧ ਹੋਵੇਗੀ।
ਇਸ ਮੌਕੇ ਇੰਡੀਆ ਕੋਵਿਡ ਐਸ.ਓ.ਐਸ. ਦੇ ਵਲੰਟੀਅਰ ਰਮਿੰਦਰ ਉੁਬਰਾਏ ਨੇ ਸੰਸਥਾ ਬਾਰੇ ਦਸਦਿਆਂ ਉਨ੍ਹਾਂ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਤੋਂ ਇਲਾਵਾ ਪੰਜਾਬ ਭਰ ‘ਚ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਵੈਂਟੀਲੇਟਰ ਕਿੱਟਾਂ ਬਾਰੇ ਦੱਸਿਆ ਅਤੇ ਕਿਹਾ ਕਿ ਉਹ ਸਰਕਾਰ ਨਾਲ ਹਰ ਪੱਖੋਂ ਸਹਿਯੋਗ ਕਰਨਗੇ।
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗੁਪਤਾ, ਚੇਅਰਮੈਨ ਮਾਰਕੀਟ ਕਮੇਟੀ ਪ੍ਰਦੁਮਨ ਸਿੰਘ ਵਿਰਕ, ਚੇਅਰਮੈਨ ਇੰਪਰੂਵਮੈਂਟ ਟਰਸਟ ਸ਼ੰਕਰ ਜਿੰਦਲ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਬਲਾਕ ਪ੍ਰਧਾਨ ਸ਼ਿਵ ਘੱਗਾ, ਰਤਨ ਸਿੰਘ ਚੀਮਾ, ਪੀ.ਏ. ਸਚਿਨ ਕੰਬੋਜ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ. ਨਮਨ ਮੜਕਨ, ਤਹਿਸੀਲਦਾਰ ਗੁਰਲੀਨ ਕੌਰ, ਨਾਇਬ ਤਹਿਸੀਲਦਾਰ ਹਰਨੇਕ ਸਿੰਘ ਸਮੇਤ ਇਲਾਕੇ ਦੇ ਕੌਂਸਲਰ ਤੇ ਪਤਵੰਤੇ ਮੌਜੂਦ ਸਨ।