ਏ.ਡੀ.ਸੀ ਨੇ ਬੁਢਲਾਡਾ ’ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਮਸਲਾ ਮੌਕੇ ’ਤੇ ਕਰਵਾਇਆ ਹੱਲ
ਬੁਢਲਾਡਾ/ਮਾਨਸਾ, 9 ਜੁਲਾਈ 2021 : ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਆਸ਼ੇ ਦੀ ਪੂਰਤੀ ਹਿੱਤ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ ਵੱਖ ਪ੍ਰਸ਼ਾਸਨਿਕ ਅਧਿਕਾਰੀ ਸਮੇਂ ਸਮੇਂ ’ਤੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਿਪਟਾਰਾ ਕਰਦੇ ਰਹਿੰਦੇ ਹਨ। ਇਹ ਪ੍ਰਗਟਾਵਾ ਏ.ਡੀ.ਸੀ ਸ਼੍ਰੀ ਉਪਕਾਰ ਸਿੰਘ ਨੇ ਬੁਢਲਾਡਾ ਸ਼ਹਿਰ ਦਾ ਦੌਰਾ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬੁਢਲਾਡਾ ਸ਼ਹਿਰ ਦੇ ਕੁਲਾਣਾ ਰੋਡ ’ਤੇ ਸਥਿਤ ਵਾਰਡ ਨੰਬਰ 6 ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਕੋਲ ਸੀਵਰੇਜ ਦੀ ਬਲਾਕੇਜ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ਦਾ ਜਾਇਜ਼ਾ ਲੈਣ ਅਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਨ ਮਗਰੋਂ ਤੁਰੰਤ ਐਕਸੀਅਨ ਸੀਵਰੇਜ ਬੋਰਡ ਨੂੰ ਹਦਾਇਤ ਜਾਰੀ ਕੀਤੀ ਗਈ ਕਿ ਸੀਵਰੇਜ ਬਲਾਕੇਜ ਦੀ ਸਮੱਸਿਆ ਦਾ ਹੱਲ ਯਕੀਨੀ ਬਣਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਿੱਧੇ ਤੌਰ ’ਤੇ ਲੋਕਾਂ ਨਾਲ ਜੁੜਿਆ ਹੋਇਆ ਮਸਲਾ ਹੈ ਅਤੇ ਸਮੱਸਿਆ ਦਾ ਸਥਾਈ ਤੌਰ ’ਤੇ ਹੱਲ ਕਰਨ ਲਈ ਵੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦਾ ਸਮੇਂ ਸਿਰ ਢੁਕਵਾਂ ਨਿਕਾਸ ਨਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣ ਸਕਦਾ ਹੈ ਇਸ ਲਈ ਵਿਭਾਗ ਵੱਲੋਂ ਸੱਕਰ ਟੈਂਕ ਮਸ਼ੀਨ ਰਾਹੀਂ ਸੀਵਰੇਜ ਦੀ ਬਲਾਕੇਜ ਦਾ ਮਸਲਾ ਮੌਕੇ ’ਤੇ ਹੀ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਸ. ਉਪਕਾਰ ਸਿੰਘ ਨੇ ਐਕਸੀਅਨ ਨੂ ੰਹਦਾਇਤ ਕੀਤੀ ਕਿ ਬੁਢਲਾਡਾ ਸ਼ਹਿਰ ਵਿਖੇ ਸੀਵਰੇਜ ਨਾਲ ਸਬੰਧਤ ਕਿਸੇ ਵੀ ਸੰਭਾਵੀ ਸਮੱਸਿਆ ਨੂੰ ਮੁੱਢੋਂ ਹੀ ਖ਼ਤਮ ਕਰਨ ਦੇ ਉਦੇਸ਼ ਨਾਲ ਤਰਜੀਹੀ ਆਧਾਰ ’ਤੇ ਰਾਈਜ਼ਿੰਗ ਮੇਨ ਦਾ ਟੈਂਡਰ ਲਗਾ ਕੇ ਇੱਕ ਮਹੀਨੇ ਦੇ ਅੰਦਰ ਅੰਦਰ ਕਾਰਵਾਈ ਨੂੰ ਮੁਕੰਮਲ ਕੀਤਾ ਜਾਵੇ।
ਏ.ਡੀ.ਸੀ ਨੇ ਕਿਹਾ ਕਿ ਹਾਲਾਂਕਿ ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀਆਂ ਮੀਂਹ ਦੇ ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਪਹਿਲਾਂ ਤੋਂ ਹੀ ਕਮਰ ਕਸੀ ਹੋਈ ਹੈ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਪ ਮੰਡਲ ਮੈਜਿਸਟਰੇਟਾਂ, ਨਗਰ ਕੌਂਸਲ ਅਧਿਕਾਰੀਆਂ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਲਗਾਤਾਰ ਸਮੀਖਿਆ ਮੀਟਿੰਗਾਂ ਕਰਕੇ ਬਰਸਾਤੀ ਪਾਣੀ ਕਾਰਨ ਲੋਕਾਂ ਨੂੰ ਸਮੱਸਿਆਵਾਂ ਨਾ ਪੇਸ਼ ਆਉਣ ਸਬੰਧੀ ਢੁਕਵੇਂ ਕਦਮ ਪੁੱਟਣ ਬਾਰੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਮੀਂਹ ਪੈਣ ਦੀ ਸੂਰਤ ਵਿੱਚ ਹਦਾਇਤ ਕੀਤੀ ਗਈ ਹੈ ਕਿ ਉਹ ਸ਼ਹਿਰੀ ਖੇਤਰਾਂ ਦਾ ਲਗਾਤਾਰ ਜਾਇਜ਼ਾ ਲੈਣ ਅਤੇ ਸੀਵਰੇਜ ਨਾਲ ਸਬੰਧਤ ਕੋਈ ਵੀ ਸਮੱਸਿਆ ਪੇਸ਼ ਆਉਣ ’ਤੇ ਤੁਰੰਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਐਕਸੀਅਨ ਸ਼੍ਰੀ ਸਤਵਿੰਦਰ ਸਿੰਘ ਢਿੱਲੋਂ ਤੇ ਜੇ.ਈ ਦਵਿੰਦਰ ਸਿੰਘ ਵੀ ਮੌਜੂਦ ਸਨ।