ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ ਸ਼ੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿਮੇਵਾਰੀ’ ਨਾਅਰੇ ਹੇਠ ਮਨਾਇਆ ਵਿਸ਼ਵ ਅਬਾਦੀ ਦਿਵਸ:-ਡਾ.ਅੰਜਨਾ ਗੁਪਤਾ
ਸੰਗਰੂਰ, 10 ਜੁਲਾਈ 2021 : ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੀ ਰਹਿਨਮਾਈ ਹੇਠ ਸਰਕਾਰੀ ਨਰਸਿੰਗ ਸਕੂਲ, ਸੰਗਰੂਰ ਅਤੇ ਜੱਚਾ ਬੱਚਾ ਵਾਰਡ ਵਿਖੇ ਵਿਸ਼ਵ ਆਬਾਦੀ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ । ਇਸ ਮੌਕੇ ਡਾ. ਗੁਪਤਾ ਨੇ ਬੋਲਦਿਆਂ ਜਿੱਥੇ ਯੋਗ ਜੋੜਿਆਂ ਨੂੰ ਸੀਮਿਤ ਪਰਿਵਾਰ ਦੀ ਮਹੱਤਤਾ ਪ੍ਰਤੀ ਦੱਸਿਆ ਉੱਥੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਜੱਚਾ ਬੱਚਾ ਵਾਰਡ ਦੇ ਬਾਹਰ ਪ੍ਰਦਰਸ਼ਨੀ ਵੀ ਲਗਾਈ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਅਬਾਦੀ ਦਿਵਸ ‘ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ ਸ਼ੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿਮੇਵਾਰੀ ਦੇ ਨਾਅਰੇ ਹੇਠ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਵੱਧ ਰਹੀ ਅਬਾਦੀ ਇੱਕ ਗੰਭੀਰ ਚਿੰਤਨ ਦਾ ਵਿਸ਼ਾ ਹੈ, ਜਿਸ ‘ਤੇ ਕਾਬੂ ਪਾਉਣ ਲਈ ਜਿੱਥੇ ਸਰਕਾਰ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੀ ਹੈ, ਉੱਥੇ ਇਸ ਕਾਰਜ ਵਿੱਚ ਚੰਗੀ ਸਫਲਤਾ ਪ੍ਰਾਪਤ ਕਰਨ ਲਈ ਸਾਂਝੇ ਸਮਾਜਕ ਯਤਨਾਂ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਅਬਾਦੀ ਵਧਣ ਦੇ ਕਈ ਕਾਰਨਾਂ ਵਿੱਚੋਂ ਇੱਕ ਕਾਰਨ ਲੜਕੀ ਦੀ ਬਜਾਏ ਲੜਕੇ ਦੀ ਲਾਲਸਾ ਹੈ ਪਰ ਮੋਜੂਦਾ ਸਮੇਂ ਕੋਈ ਵੀ ਖੇਤਰ ਅਜਿਹਾ ਨਹੀਂ ਰਿਹਾ, ਜਿਸ ਵਿੱਚ ਲੜਕੀਆਂ ਨੇ ਮੱਲ੍ਹਾਂ ਨਾ ਮਾਰੀਆਂ ਹੋਣ। ਉਨ੍ਹਾਂ ਕਿਹਾ ਕਿ ਸਿਹਤਮੰਦ ਪਰਿਵਾਰ ਲਈ ਲਾਜ਼ਮੀ ਹੈ ਕਿ ਦੋ ਬੱਚਿਆਂ ਦੇ ਜਨਮ ਵਿੱਚ ਘੱਟੋ ਘੱਟ ਤਿੰਨ ਸਾਲ ਦਾ ਫ਼ਰਕ ਰੱਖਿਆ ਜਾਵੇ ਅਤੇ ਵਿਆਹ ਸਹੀ ਉਮਰ ਵਿੱਚ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਵਧਦੀ ਅਬਾਦੀ ਸਦਕਾ ਲੋਕਾਂ ਦੀ ਵੱਡੀ ਗਿਣਤੀ ਬੁਨਿਆਦੀ ਲੋੜਾਂ ਤੋਂ ਵਾਂਝੀ ਰਹਿ ਜਾਂਦੀ ਹੈ, ਜਿਸ ਲਈ ਪਰਿਵਾਰ ਨਿਯੋਜਨ ਦੇ ਕੱਚੇ ਅਤੇ ਪੱਕੇ ਤਰੀਕੇ ਅਪਨਾਏ ਜਾ ਸਕਦੇ ਹਨ, ਜਿਨ੍ਹਾਂ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਦਿਤੀ । ਉਨ੍ਹਾਂ ਕਿਹਾ ਕਿ ਇੰਨੀ ਤੇਜ਼ੀ ਨਾਲ ਆਬਾਦੀ ਦਾ ਵਧਣਾ ਵਿਕਾਸ ਦੇ ਰਾਹ ਵਿਚ ਨਿੱਤ ਨਵੀਆਂ ਵੰਗਾਰਾਂ ਖੜ੍ਹੀਆਂ ਕਰ ਰਿਹਾ ਹੈ ਅਤੇ ਵਧੀ ਆਬਾਦੀ ਕਰਕੇ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੁਜ਼ਗਾਰੀ, ਮਹਿੰਗਾਈ ਤੇ ਪ੍ਰਦੂਸ਼ਣ ਆਦਿ ਵਿੱਚ ਵੀ ਬੇਪਨਾਹ ਵਾਧਾ ਹੋਇਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਸਮਾਗਮ ਦੇ ਨਾਲ ਨਾਲ ਨਰਸਿੰਗ ਸਕੂਲ ਦੀ ਵਿਦਿਆਰਥਣ ਦਾ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਡਾ.ਅੰਜਨਾ ਗੁਪਤਾ ਨੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਈਆਂ ਵਿਦਿਆਰਥਣਾਂ ਕਿਰਨਦੀਪ ਕੌਰ, ਹਰਪ੍ਰੀਤ ਕੌਰ, ਸਿਮਰਨ ਕੌਰ ਅਤੇ ਅਰਸ਼ਦੀਪ ਕੌਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਗਲਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਬਲਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ,ਜ਼ਿਲ੍ਹਾ ਮਾਸ ਮੀਡੀਆ ਵਿੰਗ ਦੇ ਅਧਿਕਾਰੀ ਅਤੇ ਕਰਮਚਾਰੀ ਤੋਂ ਇਲਾਵਾ ਨਰਸਿੰਗ ਸਕੂਲ ਦੇ ਪ੍ਰਿੰਸੀਪਲ ਸਮੇਤ ਸਾਰੇ ਸਟਾਫ ਨੇ ਭਾਗ ਲਿਆ ।