ਆਟੋ ਰਿਕਸ਼ਾ ਚਾਲਕਾਂ ਨੂੰ ਵੱਡੀ ਰਾਹਤ, ਹੁਣ ਥ੍ਰੀ-ਵ੍ਹੀਲਰ `ਤੇ ਲਿਆ ਜਾਵੇਗਾ ਡਰਾਈਵਿੰਗ ਟੈਸਟ
ਚੰਡੀਗੜ੍ਹ, 2 ਜੂਨ 2021: ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਤਿੰਨ ਪਹੀਆ ਵਾਹਨ ਚਾਲਕ ਹੁਣ ਡਰਾਈਵਿੰਗ ਲਾਇਸੈਂਸ ਲੈਣ ਲਈ ਡਰਾਈਵਿੰਗ ਟੈਸਟ ਦੇਣ ਲਈ ਤਿੰਨ ਪਹੀਆ ਆਟੋ ਰਿਕਸ਼ਾ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਪਹਿਲਾਂ ਥ੍ਰੀ-ਵ੍ਹੀਲਰ ਚਾਲਕਾਂ ਦਾ ਚਾਰ-ਪਹੀਆ ਵਾਹਨਾਂ `ਤੇ ਟੈਸਟ ਲਿਆ ਜਾਂਦਾ ਸੀ। ਉਹਨਾਂ ਸਾਰੀਆਂ ਇਨਫੋਰਸਮੈਂਟ ਅਥਾਰਟੀਆਂ ਨੂੰ ਹਦਾਇਤ ਕੀਤੀ ਕਿ ਜੇ ਕਿਸੇ ਥ੍ਰੀ-ਵ੍ਹੀਲਰ ਚਾਲਕ ਕੋਲ ਐੱਲ.ਐਮ.ਵੀ. (ਲਾਈਟ ਮੋਟਰ ਵਹੀਕਲ) ਡਰਾਈਵਿੰਗ ਲਾਇਸੈਂਸ ਹੈ ਤਾਂ ਉਸਨੂੰ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਮੋਟਰ ਵਹੀਕਲ ਐਕਟ 1988 ਦੀਆਂ ਧਾਰਾਵਾਂ ਅਨੁਸਾਰ 3 ਪਹੀਆ ਵਾਹਨ ਆਟੋ ਰਿਕਸ਼ਾ ਨੂੰ ਲਾਈਟ ਮੋਟਰ ਵਾਹਨ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।
ਸਟੇਟ ਟ੍ਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਲਾਇਸੰਸਿੰਗ ਅਥਾਰਟੀਜ਼ ਅਤੇ ਆਟੋਮੈਟਿਕ ਡਰਾਈਵਿੰਗ ਟੈਸਟ ਟਰੈਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਥ੍ਰੀ-ਵ੍ਹੀਲਰ ਚਾਲਕਾਂ ਨੂੰ ਲੋੜੀਂਦਾ ਡ੍ਰਾਇਵਿੰਗ ਲਾਇਸੈਂਸ ਬਨਵਾਉਣ ਜਾਂ ਰੀਨਿਊ ਕਰਵਾਉਣ ਲਈ ਡਰਾਈਵਿੰਗ ਟੈਸਟ ਦੇਣ ਲਈ ਤਿੰਨ ਪਹੀਆ ਵਾਹਨ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਜਾਵੇ। ਉਹਨਾਂ ਦੱਸਿਆ ਕਿ ਸਾਰੀਆਂ ਇਨਫੋਰਸਮੈਂਟ ਅਥਾਰਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਐਲਐਮਵੀ (ਲਾਈਟ ਮੋਟਰ ਵਹੀਕਲ) ਡਰਾਈਵਿੰਗ ਲਾਇਸੈਂਸ ਧਾਰਕ ਕਿਸੇ ਵੀ ਥ੍ਰੀ-ਵ੍ਹੀਲਰ ਵਾਹਨ ਚਾਲਕ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਮੋਟਰ ਵਹੀਕਲ ਐਕਟ 1988 ਦੀਆਂ ਧਾਰਾਵਾਂ ਤਹਿਤ ਆਟੋ ਰਿਕਸ਼ਾ ਨੂੰ ਲਾਈਟ ਮੋਟਰ ਵਹੀਕਲ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ ਕਿਉਂਕਿ ਵਾਹਨ ਦਾ ਕੁੱਲ ਵਜ਼ਨ 7500 ਕਿੱਲੋ ਤੋਂ ਵੱਧ ਨਹੀਂ ਬਣਦਾ। ਇਨ੍ਹਾਂ ਨਿਰਦੇਸ਼ਾਂ ਨਾਲ 1 ਲੱਖ ਤੋਂ ਵੱਧ ਆਟੋ ਰਿਕਸ਼ਾ ਚਾਲਕਾਂ ਨੂੰ ਲਾਭ ਹੋਵੇਗਾ।