ਆਂਗਨਵਾੜੀ ਕੇਂਦਰਾਂ ਨੂੰ ਜਲਦ ਮਿਲਣਗੀਆਂ 4481 ਨਵੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰ
ਬਟਾਲਾ, 17 ਜੂਨ (2021) – ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਜ਼ਿਲਿਆਂ ਲਈ ਆਂਗਨਵਾੜੀ ਵਰਕਰਾਂ, ਮਿੰਨੀ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਦੀਆਂ ਕੁੱਲ 4481 ਖ਼ਾਲੀ ਆਸਾਮੀਆਂ ਦੀ ਭਰਤੀ ਪ੍ਰੀਕ੍ਰਿਆ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ 4481 ਆਸਾਮੀਆਂ ਵਿੱਚੋਂ ਜ਼ਿਲ੍ਹਾ ਗੁਰਦਾਸਪੁਰ ਵਿੱਚੋਂ 269 ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨਾਂ ਆਸਾਮੀਆਂ ਲਈ ਕੇਵਲ ਇਸਤਰੀ ਉਮੀਦਵਾਰ ਹੀ ਅਪਲਾਈ ਕਰ ਸਕਦੇ ਹਨ ਅਤੇ ਆਸਾਮੀਆਂ ਸਬੰਧੀ ਨਿਰਧਾਰਤ ਪਾਤਰਤਾ, ਸਥਾਨ, ਪਿੰਡ/ਵਾਰਡ, ਉਮਰ ਹੱਦ, ਵਿਦਿਅਕ ਯੋਗਤਾ ਆਦਿ ਸ਼ਰਤਾਂ ਦਾ ਵੇਰਵਾ ਵਿਭਾਗ ਦੀ ਵੈਬਸਾਈਟ – sswcd.punjab.gov.in ’ਤੇ ਅਪਲੋਡ ਕੀਤਾ ਗਿਆ ਹੈ।
ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਨਿਰੋਲ ਮਾਣਭੱਤੇ ’ਤੇ ਆਧਾਰ ਉਤੇ ਕੀਤੀ ਜਾਣ ਵਾਲੀ ਇਸ ਭਰਤੀ ਸਬੰਧੀ ਵੇਰਵੇ ਲਈ ਵਿਭਾਗ ਦੀ ਵੈਬਸਾਈਟ ਵੀ ਵੇਖੀ ਜਾ ਸਕਦੀ ਹੈ ਜਾਂ ਸਬੰਧਤ ਜ਼ਿਲਾ ਪ੍ਰੋਗਰਾਮ ਅਫ਼ਸਰ ਜਾਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਦੇ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਜ਼ਿਲ੍ਹੇ ਦੀਆਂ ਮਹਿਲਾ ਉਮੀਦਵਾਰਾਂ ਨੂੰ ਇਸ ਭਰਤੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਅਪਲਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਯੋਗ ਉਮੀਦਵਾਰ ਇਸ਼ਤਿਹਾਰ ਜਾਰੀ ਹੋਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਆਪਣਾ ਬਿਨੈ ਪੱਤਰ ਸਬੰਧਤ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨੂੰ ਦਸਤੀ ਜਾਂ ਰਜਿਸਟਰਡ ਪੋਸਟ ਰਾਹੀਂ ਭੇਜ ਸਕਦੇ ਹਨ।