ਅਧਿਆਪਕ ਵਰਗ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ਦਾ ਕੌਮੀ ਪੱਧਰ ‘ਤੇ ਵਧਾਇਆ ਮਾਣ
ਪਟਿਆਲਾ 13 ਜੂਨ:
ਸਰਕਾਰ ਦੀ ਸੁਚੱਜੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ ‘ਚ ਪੰਜਾਬ ‘ਚ ਨੂੰ ਅੱਵਲ ਸਥਾਨ ਦਿਵਾਉਣ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਅਧਿਆਪਕਾਂ ਦੀ ਬਦੌਲਤ ਹੀ ਰਾਜ ਦੇ ਸਕੂਲਾਂ ਦਾ ਸਰਬਪੱਖੀ ਵਿਕਾਸ ਹੋਇਆ ਅਤੇ ਸਮਾਜ ਦੇ ਹਰ ਵਰਗ ‘ਚ ਸਰਕਾਰੀ ਸਕੂਲਾਂ ਪ੍ਰਤੀ ਮੁੜ ਵਿਸ਼ਵਾਸ ਪੈਦਾ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯਾਦਵਿੰਦਰ ਸਿੰਘ ਧਨੌਰੀ ਪ੍ਰਧਾਨ ਸਰਪੰਚ ਯੂਨੀਅਨ ਲੋਕ ਸਭਾ ਹਲਕਾ ਪਟਿਆਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਪਿਛਲੇ ਕੁਝ ਸਾਲਾਂ ‘ਚ ਸਰਕਾਰ ਦੀਆਂ ਯੋਜਨਾਵਾਂ ਨੂੰ ਰਾਜ ਦੇ ਮਿਹਨਤੀ ਅਧਿਆਪਕਾਂ ਨੇ ਸੁਚਾਰੂ ਰੂਪ ‘ਚ ਨੇਪਰੇ ਚਾੜ੍ਹ ਕੇ, ਰਾਸ਼ਟਰੀ ਪੱਧਰ ‘ਤੇ ਮਾਣ ਦਿਵਾਇਆ ਹੈ।
ਬਲਾਕ ਸੰਮਤੀ ਨਾਭਾ ਦੀ ਉਪ ਚੇਅਰਪਰਸਨ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਦੇ ਸਕੂਲਾਂ ‘ਚ ਲਗਾਤਾਰ ਦੂਸਰੇ ਸਾਲ 12 ਫ਼ੀਸਦੀ ਤੋਂ ਬੱਚਿਆਂ ਦਾ ਵਾਧਾ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜ ਦੇ ਸਕੂਲਾਂ ਦਾ ਹਰ ਪੱਖੋਂ ਮਿਆਰ ਵਧਿਆ ਹੈ। ਜਿਸ ‘ਤੇ ਕੇਂਦਰ ਸਰਕਾਰ ਨੇ ਪ੍ਰਫਾਰਮੈਂਸ ਗ੍ਰੇਡਿੰਗ ਇਡੈਕਸ ਰਾਹੀਂ ਮੋਹਰ ਲਗਾ ਦਿੱਤੀ ਹੈ। ਇਸ ਪ੍ਰਾਪਤੀ ਨੇ ਪੰਜਾਬ ਦਾ ਦੇਸ਼-ਵਿਦੇਸ਼ ‘ਚ ਸਿਰ ਉੱਚਾ ਕੀਤਾ ਹੈ। ਸਾਬਕਾ ਸਰਪੰਚ ਦਵਿੰਦਰ ਸਿੰਘ ਮਾੜੂ ਦਾ ਕਹਿਣਾ ਹੈ ਕਿ ਰਾਜ ਦੇ ਸਰਕਾਰੀ ਸਕੂਲਾਂ ‘ਚ ਜੋ ਮਿਆਰੀ ਢਾਂਚਾ ਬਣਿਆ ਹੈ ਭਾਵ ਸਮਾਰਟ ਕਲਾਸ ਰੂਮਜ਼, ਵਿੱਦਿਅਕ ਪਾਰਕ, ਕੰਪਿਊਟਰ ਲੈਬਜ਼, ਬਾਲਾ ਵਰਕ, ਖੂਬਸੂਰਤ ਖੇਡ ਮੈਦਾਨ ਤੇ ਫਰਨੀਚਰ ਅਧਿਆਪਕਾਂ ਦੇ ਦਿਮਾਗ ਦੀ ਸਿਰਜਣਾ ਹੈ। ਜਿਨ੍ਹਾਂ ਲਈ ਦਾਨੀ ਸੱਜਣਾਂ ਨੇ ਵੀ ਭਰਵਾਂ ਯੋਗਦਾਨ ਪਾਇਆ ਹੈ। ਇਸ ਤਰ੍ਹਾਂ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਸਰਕਾਰ, ਅਧਿਆਪਕ ਤੇ ਸਮਾਜ ਸੇਵਿਕਾ ਦੀ ਭੂਮਿਕਾ ਕਾਬਿਲੇ ਤਾਰੀਫ਼ ਹੈ।
ਪ੍ਰਿੰ. ਭਰਪੂਰ ਸਿੰਘ ਲੌਟ ਸਰਕਾਰੀ ਸੈਕੰਡਰੀ ਸਕੂਲ ਸੇਹਰਾ ਦਾ ਕਹਿਣਾ ਹੈ ਕਿ ਰਾਸ਼ਟਰੀ ਸਰਵੇਖਣ ਨੇ ਸਾਡੇ ਸਕੂਲ ‘ਚ ਹੋਏ ਵਿਕਾਸ ਨੂੰ ਰਾਸ਼ਟਰੀ ਪੱਧਰ ‘ਤੇ ਮੋਹਰੀ ਕਰਾਰ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਸਕੂਲਾਂ ਦਾ ਸੌ ਫ਼ੀਸਦੀ ਵਿਕਾਸ ਹੋ ਚੁੱਕਿਆ ਹੈ। ਸਗੋਂ ਇਸ ਖਿਤਾਬ ਨੂੰ ਕਾਇਮ ਰੱਖਣ ਤੇ ਸਰਕਾਰੀ ਸਕੂਲਾਂ ਨੂੰ ਸਰਬ ਕਲਾ ਸੰਪੂਰਨ ਬਣਾਉਣ ਭਾਵ 1000 ‘ਚੋਂ 1000 ਅੰਕ ਹਾਸਿਲ ਕਰਨ ਲਈ ਯਤਨ ਜਾਰੀ ਰੱਖਣੇ ਪੈਣਗੇ। ਸਰਕਾਰੀ ਸਕੂਲ ਦੀ ਸਾਬਕਾ ਵਿਦਿਆਰਥਣ ਮਨਰੂਪ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸਰਕਾਰੀ ਸਕੂਲਾਂ ‘ਚੋਂ ਪੜ੍ਹੇ ਹਨ ਤੇ ਇਨ੍ਹਾਂ ਸਕੂਲਾਂ ਦੇ ਸਿਰ ‘ਤੇ ਪੰਜਾਬ ਨੂੰ ਵਿੱਦਿਆ ਦੇ ਖੇਤਰ ‘ਚ ਅੱਵਲ ਸਥਾਨ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ।
1. ਦਵਿੰਦਰ ਸਿੰਘ ਮਾੜੂ 2. ਕਰਮਜੀਤ ਕੌਰ ਨਾਭਾ 3. ਮਨਰੂਪ ਕੌਰ 4. ਪ੍ਰਿੰ. ਭਰਪੂਰ ਸਿੰਘ 5. ਯਾਦਵਿੰਦਰ ਸਿੰਘ ਧਨੌਰੀ