ਅਧਿਆਪਕਾਂ ਦੀਆਂ ਬਦਲੀਆਂ ਦਾ ਤੀਜਾ ਗੇੜ ਸ਼ੁਰੂ ਕਰਨ ਦੀ ਮੰਗ,ਅਧਿਆਪਕਾਂ ਨੂੰ ਆਪਣੇ ਗ੍ਰਹਿ ਜਿਲ੍ਹੇ ਵਿੱਚ ਬਦਲੀ ਅਪਲਾਈ ਲਈ ਇੱਕ ਹੋਰ ਮੌਕਾ ਦਿੱਤਾ ਜਾਵੇ: ਡੀਟੀਐੱਫ
ਘਰਾਂ ਤੋਂ 200-250 ਕਿ.ਮੀ ਦੂਰ ਅਤੇ ਮੁਸ਼ਕਿਲ ਹਾਲਤਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਧਿਆਪਕ: ਡੀਟੀਐੱਫ
ਸੰਗਰੂਰ, 30 ਜੂਨ 2021: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਆਨਲਾਈਨ ਤਬਾਦਲਾ ਨੀਤੀ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਸ਼ੈਸਨ ਦੌਰਾਨ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਨੀਤੀ ਜਾਰੀ ਕਰਨ ਸਮੇਂ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਹਰ ਸਾਲ ਅਪ੍ਰੈਲ ਮਹੀਨੇ ਤੱਕ ਸਾਰੀਆਂ ਬਦਲੀਆਂ ਮੁਕੰਮਲ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਸ਼ੈਸਨ ਦੌਰਾਨ ਲੰਘੇ ਛੇ ਮਹੀਨੇ ਦੌਰਾਨ ਇਸ ਕੰਮ ਨੂੰ ਅੱਧਾ ਅਧੂਰਾ ਲਾਗੂ ਕਰਕੇ ਠੰਡੇ ਬਸਤੇ ਵਿੱਚ ਪਾਉਂਦਿਆਂ ਹਜ਼ਾਰਾਂ ਹੋਰ ਲੋੜਵੰਦ ਅਧਿਆਪਕਾਂ ਨੂੰ ਨਿਰਾਸ਼ਤਾ ਵੱਲ ਧੱਕਿਆ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀਆਂ ਆਪਸੀ ਬਦਲੀਆਂ ਨੂੰ ਵੀ ਸਹੀ ਢੰਗ ਨਾਲ ਅਪਲਾਈ ਨਹੀਂ ਕਰਵਾਇਆ ਗਿਆ।
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਵੱਖ ਵੱਖ ਆਗੂਆਂ ਨੇ ਸਿੱਖਿਆ ਵਿਭਾਗ ਦੀ ਇਸ ਅਣਗਹਿਲੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਦਲੀਆਂ ਤੇ ਬਿਨਾਂ ਕਾਰਨ ਰੋਕ ਨੂੰ ਹਟਾ ਕੇ, ਦੂਰ ਦੁਰਾਡੇ ਜਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਗ੍ਰਹਿ ਜਿਲ੍ਹੇ ਵਿੱਚ ਬਦਲੀ ਕਰਵਾਉਣ ਦਾ ਇੱਕ ਹੋਰ ਮੌਕਾ ਦੇਣ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਆਪਸੀ ਬਦਲੀਆਂ ਲਈ ਅਧਿਆਪਕਾਂ ਨੂੰ ਖੁੱਲ੍ਹਾ ਸਮਾਂ ਦੇ ਕੇ ਬਿਨਾਂ ਕਿਸੇ ਸ਼ਰਤ ਤੋਂ ਅਪਲਾਈ ਕਰਵਾਇਆ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇੰ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ 650 ਲੈਕਚਰਾਰ, 6060 ਅਧਿਆਪਕ , 3582 ਅਧਿਆਪਕ, 6505 ਪ੍ਰਾਇਮਰੀ ਅਧਿਆਪਕ ਅਤੇ ਨਵਨਿਯੁਕਤ 3704 ਅਧਿਆਪਕਾਂ ਸਮੇਤ ਅਧਿਆਪਕਾਂ ਦਾ ਇੱਕ ਵੱਡਾ ਹਿੱਸਾ ਆਪਣੇ ਘਰਾਂ ਤੋਂ 200-250 ਕਿਲੋਮੀਟਰ ਦੂਰ ਅਤੇ ਮੁਸ਼ਕਿਲ ਹਾਲਤਾਂ ਵਿੱਚ ਸੇਵਾਵਾਂ ਨਿਭਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਰੀਰਕ, ਮਾਨਸਿਕ, ਆਰਥਿਕ ਤੇ ਪਰਿਵਾਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਰਕੇ ਬਦਲੀਆਂ ਦੇ ਤੀਜੇ ਗੇੜ ਵਿੱਚ ਉਹਨਾਂ ਅਧਿਆਪਕਾਂ ਦੀਆਂ ਬਦਲੀਆ ਬਿਨਾਂ ਕਿਸੇ ਸ਼ਰਤ ਦੇ ਕੀਤੀਆਂ ਜਾਣ ਤਾਂ ਜੋ ਉਹ ਆਪਣੀਆਂ ਸੇਵਾਵਾਂ ਬਿਨਾਂ ਕਿਸੇ ਮੁਸ਼ਕਿਲ ਦੇ ਨਿਭਾ ਸਕਣ।